ਫ਼ਿਰੋਜ਼ਪੁਰ ਸਰਹੱਦ ’ਤੇ ਪਾਕਿਸਤਾਨੀ ਨਸ਼ਾ ਤਸਕਰ ਕਾਬੂ


ਸੰਜੀਵ ਹਾਂਡਾ

ਫ਼ਿਰੋਜ਼ਪੁਰ, 2 ਸਤੰਬਰ

ਫ਼ਿਰੋਜ਼ਪੁਰ ਵਿੱਚ ਬੀਐੱਸਐੱਫ਼ ਦੇ ਜਵਾਨਾਂ ਨੇ ਅੱਜ ਤੜਕਸਾਰ ਇੱਕ ਪਾਕਿਸਤਾਨੀ ਨਸ਼ਾ ਤਸਕਰ ਨੂੰ ਦੋ ਪੈਕੇਟ ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦਾ ਨਾਂ ਇਰਸ਼ਾਦ ਖ਼ਾਨ ਦੱਸਿਆ ਗਿਆ ਹੈ, ਜੋ ਕਸੂਰ (ਪਾਕਿਸਤਾਨ) ਦਾ ਰਹਿਣ ਵਾਲਾ ਹੈ। ਫੜੇ ਜਾਣ ਤੋਂ ਪਹਿਲਾਂ ਉਕਤ ਤਸਕਰ ਬੀਐੱਸਐੱਫ਼ ਦੇ ਜਵਾਨਾਂ ਵੱਲੋਂ ਚਲਾਈ ਗੋਲੀ ਵੱਜਣ ਨਾਲ ਜ਼ਖ਼ਮੀ ਹੋ ਗਿਆ। ਗੋਲੀ ਇਰਸ਼ਾਦ ਦੇ ਪੱਟ ਵਿਚ ਵੱਜੀ ਤੇ ਉਸ ਨੂੰ ਇਲਾਜ ਵਾਸਤੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਬੀਐੱਸਐੱਫ਼ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਤੜਕਸਾਰ ਲੱਗਪਗ ਢਾਈ ਵਜੇ ਜਦੋਂ ਬੀਐੱਸਐੱਫ਼ ਦੇ ਜਵਾਨ ਸਤਪਾਲ ਚੌਕੀ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸਰਹੱਦ ਦੇ ਨਾਲ ਕੁਝ ਹਲਚਲ ਦਿਖਾਈ ਦਿੱਤੀ। ਜਵਾਨਾਂ ਨੇ ਦੇਖਿਆ ਕਿ ਤਿੰਨ ਪਾਕਿਸਤਾਨੀ ਘੁਸਪੈਠੀਏ/ਤਸਕਰ ਭਾਰਤ ਦੀ ਸੀਮਾ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਰੁਕਣ ਵਾਸਤੇ ਕਿਹਾ ਗਿਆ ਪਰ ਜਦੋਂ ਉਹ ਨਾ ਰੁਕੇ ਤਾਂ ਜਵਾਨਾਂ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਗੋਲੀ ਵੱਜਣ ਕਾਰਨ ਇੱਕ ਪਾਕਿਸਤਾਨੀ ਜ਼ਖ਼ਮੀ ਹੋ ਗਿਆ ਜਦਕਿ ਉਸ ਦੇ ਦੋ ਸਾਥੀ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਏ। ਦਿਨ ਚੜ੍ਹੇ ਜਵਾਨਾਂ ਨੇ ਜਦੋਂ ਘਟਨਾ ਵਾਲੇ ਸਥਾਨ ਦੀ ਤਲਾਸ਼ੀ ਕੀਤੀ ਤਾਂ ਉਥੋਂ ਦੋ ਪੈਕੇਟ ਹੈਰੋਇਨ ਵੀ ਬਰਾਮਦ ਹੋਈ।



Source link