ਕਸ਼ਮੀਰ ਦੇ ਮੁਸਲਮਾਨਾਂ ਲਈ ਵੀ ਆਵਾਜ਼ ਚੁੱਕਣ ਦਾ ਹੱਕ: ਤਾਲਿਬਾਨ


ਇਸਲਾਮਾਬਾਦ, 3 ਸਤੰਬਰ

ਤਾਲਿਬਾਨ ਦੇ ਰਾਜ ਵਿੱਚ ਅਫ਼ਗ਼ਾਨ ਧਰਤੀ ਨੂੰ ਭਾਰਤ ਖਿਲਾਫ਼ ਦਹਿਸ਼ਤੀ ਸਰਗਰਮੀਆਂ ਲਈ ਵਰਤੇ ਜਾਣ ਦੇ (ਭਾਰਤ ਦੇ) ਫ਼ਿਕਰਾਂ ਦਰਮਿਆਨ ਬਾਗ਼ੀ ਸਮੂਹ ਨੇ ਅੱਜ ਕਿਹਾ ਕਿ ਉਸ ਨੂੰ ‘ਕਸ਼ਮੀਰ’ ਸਮੇਤ ਵਿਸ਼ਵ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਮੁਸਲਮਾਨਾਂ ਲਈ ਆਵਾਜ਼ ਚੁੱਕਣ ਦਾ ਪੂਰਾ ਹੱਕ ਹੈ। ਤਾਲਿਬਾਨ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਉਸ ਦੀ ਕਿਸੇ ਵੀ ਮੁਲਕ ਖਿਲਾਫ਼ ‘ਹਥਿਆਰਬੰਦ ਕਾਰਵਾਈਆਂ’ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਦੋਹਾ ਵਿਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਤਰਜਮਾਨ ਸੁਹੇਲ ਸ਼ਾਹੀਨ ਨੇ ਬੀਬੀਸੀ ਨੂੰ ਵਰਚੁਅਲੀ ਦਿੱਤੀ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ, ”ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ। ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਸ਼ਹਿਰੀ ਹਨ ਤੇ ਤੁਹਾਡੇ ਕਾਨੂੰਨ ਤਹਿਤ ਉਹ ਬਰਾਬਰ ਦੇ ਹੱਕਾਂ ਦਾ ਅਧਿਕਾਰ ਰੱਖਦੇ ਹਨ।” ਮੁਸਲਿਮ ਹੋਣ ਦੇ ਨਾਤੇ ਜਥੇਬੰਦੀ ਦਾ ਇਹ ਹੱਕ ਬਣਦਾ ਹੈ ਕਿ ਉਹ ਕਸ਼ਮੀਰ ਤੇ ਕਿਸੇ ਵੀ ਹੋਰ ਮੁਲਕ ਵਿੱਚ ਰਹਿੰਦੇ ਮੁਸਲਮਾਨਾਂ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰੇ।” ਅਮਰੀਕਾ ਨਾਲ ਹੋਏ ਦੋਹਾ ਕਰਾਰ ਦੀਆਂ ਸ਼ਰਤਾਂ ਨੂੰ ਯਾਦ ਕਰਦਿਆਂ ਸ਼ਾਹੀਨ ਨੇ ਕਿਹਾ ਕਿ ਉਨ੍ਹਾਂ ਦੀ ‘ਕਿਸੇ ਵੀ ਮੁਲਕ ਖ਼ਿਲਾਫ਼ ਹਥਿਆਰਬੰਦ ਕਾਰਵਾਈ ਕਰਨ ਦੀ ਕੋਈ ਯੋਜਨਾ ਨਹੀਂ ਹੈ’। ਸ਼ਾਹੀਨ ਦੀਆਂ ਇਹ ਟਿੱਪਣੀਆਂ ਇਸ ਲਈ ਅਹਿਮ ਹਨ ਕਿਉਂਕਿ ਕਤਰ ਵਿੱਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਪਿਛਲੇ ਦਿਨੀਂ ਤਾਲਿਬਾਨ ਦੀ ਗੁਜ਼ਾਰਿਸ਼ ‘ਤੇ ਦੋਹਾ ਵਿੱਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਦੌਰਾਨ ਮਿੱਤਲ ਨੇ ਸਤਾਨਿਕਜ਼ਈ ਨੂੰ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਸੀ ਕਿ ਅਫ਼ਗ਼ਾਨ ਧਰਤੀ ਨੂੰ ਭਾਰਤੀ ਵਿਰੋਧੀ ਦਹਿਸ਼ਤੀ ਤੇ ਹੋਰਨਾਂ ਸਰਗਰਮੀਆਂ ਲਈ ਨਾ ਵਰਤਣ ਦਿੱਤਾ ਜਾਵੇ।

ਇੰਟਰਵਿਊ ਦੌਰਾਨ ਮਿੱਤਲ-ਸਤਾਨਿਕਜ਼ਈ ਮੀਟਿੰਗ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ਼ਾਹੀਨ ਨੇ ਕਿਹਾ, ”ਅਸੀਂ ਇਸ ਗੱਲਬਾਤ ਨੂੰ ਮੌਕੇ ਵਜੋਂ ਲੈਂਦਿਆਂ ਆਪਣੇ ਸਾਰੇ ਫ਼ਿਕਰਾਂ, ਫਿਰ ਚਾਹੇ ਇਹ ਲੋਕਾਂ ਨੂੰ (ਅਫ਼ਗ਼ਾਨਿਸਤਾਨ ‘ਚੋਂ) ਬਾਹਰ ਕੱਢਣ ਬਾਰੇ ਹੋਵੇ ਜਾਂ ਫਿਰ ਅਤਿਵਾਦ ਬਾਰੇ, ਤੋਂ ਜਾਣੂ ਕਰਵਾ ਦਿੱਤਾ ਹੈ। ਸਾਨੂੰ ਸਕਾਰਾਤਮਕ ਜਵਾਬ ਮਿਲਿਆ।” ਹੱਕਾਨੀ ਨੈੱਟਵਰਕ ਖ਼ਿਲਾਫ਼ ਕੂੜ ਪ੍ਰਚਾਰ ਨੂੰ ਸ਼ਾਹੀਨ ਨੇ ਮਹਿਜ਼ ਦਾਅਵਿਆਂ ‘ਤੇ ਆਧਾਰਿਤ ਦੱਸਿਆ। ਸ਼ਾਹੀਨ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਲਕਾਇਦਾ ਨੇ ਮੁਸਲਿਮ ਭਾਈਚਾਰੇ ਨੂੰ ਕਿਹਾ ਹੈ ਕਿ ‘ਕਸ਼ਮੀਰ’ ਨੂੰ ਜੇਹਾਦ ਦੇ ਨਿਸ਼ਾਨਿਆਂ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਇਸ ਸੂਚੀ ਵਿੱਚ ਸੀਰੀਆ, ਜੌਰਡਨ ਤੇ ਲਿਬਨਾਨ, ਲਿਬੀਆ, ਮੋਰੱਕੋ, ਅਲਜੀਰੀਆ, ਮੌਰੀਟਾਨੀਆ, ਟਿਊਨੀਸ਼ੀਆ, ਸੋਮਾਲੀਆ ਤੇ ਯਮਨ ਵੀ ਹਨ। -ਪੀਟੀਆਈ

‘ਚੀਨ ਸਾਡਾ ਸਭ ਤੋਂ ਅਹਿਮ ਭਾਈਵਾਲ’

ਪਿਸ਼ਾਵਰ: ਅਫ਼ਗ਼ਾਨ ਤਾਲਿਬਾਨ ਨੇ ਚੀਨ ਨੂੰ ਆਪਣਾ ‘ਸਭ ਤੋਂ ਅਹਿਮ ਭਾਈਵਾਲ’ ਕਰਾਰ ਦਿੱਤਾ ਹੈ। ਤਾਲਿਬਾਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਪੁਨਰ ਨਿਰਮਾਣ ਲਈ ਉਹ ਪੇਈਚਿੰਗ ਵੱਲ ਨੀਝ ਲਾ ਕੇੇ ਵੇਖ ਰਿਹਾ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਜੰਗ ਦੇ ਝੰਬੇ ਮੁਲਕ ਨੂੰ ਵੱਡੇ ਪੱਧਰ ‘ਤੇ ਭੁੱਖਮਰੀ ਦਰਪੇਸ਼ ਹੈ ਤੇ ਆਰਥਿਕ ਢਾਂਚਾ ਮੂਧੇ ਮੂੰਹ ਪੈਣ ਦਾ ਡਰ ਹੈ। ਮੁਜਾਹਿਦ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਨੂੰ ਪੈਰਾਂ ਸਿਰ ਕਰਨ ਲਈ ਚੀਨ ਮੁਲਕ ਦੇ ਤਾਂਬਾ ਭੰਡਾਰਾਂ ਨੂੰ ਕੱਢਣ ‘ਚ ਸਹਾਇਤਾ ਕਰੇ। ਉਨ੍ਹਾਂ ਕਿਹਾ ਕਿ ਉਹ ਚੀਨ ਦੀ ‘ਇਕ ਪੱਟੀ, ਇਕ ਰੋਡ’ ਪਹਿਲਕਦਮੀ ਦੀ ਹਮਾਇਤ ਕਰਦੇ ਹਨ। ਜੀਓ ਨਿਊਜ਼ ਨੇ ਮੁਜਾਹਿਦ ਵੱਲੋਂ ਇਕ ਇਤਾਲਵੀ ਰੋਜ਼ਨਾਮਚੇ ਨੂੰ ਦਿੱਤੀ ਇੰਟਰਵਿਊ ਦੇ ਹਵਾਲੇ ਨਾਲ ਕਿਹਾ, ”ਚੀਨ ਸਾਡਾ ਸਭ ਤੋਂ ਅਹਿਮ ਭਾਈਵਾਲ ਹੈ ਤੇ ਸਾਡੇ ਲਈ ਬੁਨਿਆਦੀ ਤੇ ਨਿਵੇਕਲੇ ਮੌਕਿਆਂ ਦੀ ਨੁਮਾਇੰਦਗੀ ਕਰਦਾ ਹੈ, ਕਿਉਂਕਿ ਉਹ ਸਾਡੇ ਮੁਲਕ ਦੇ ਪੁਨਰ ਨਿਰਮਾਣ ਤੇ ਇਥੇ ਨਿਵੇਸ਼ ਕਰਨ ਲਈ ਤਿਆਰ ਹੈ।” ਮੁਜਾਹਿਦ ਨੇ ਕਿਹਾ, ”ਮੁਲਕ ਵਿੱਚ ਤਾਂਬਾ ਖਾਣਾਂ ਦਾ ਭੰਡਾਰ ਹੈ, ਚੀਨ ਦੀ ਮਦਦ ਨਾਲ ਇਸ ਨੂੰ ਮੁੜ ਚਾਲੂ ਕਰਕੇ ਆਧੁਨਿਕ ਬਣਾਇਆ ਜਾ ਸਕਦਾ ਹੈ। ਕੁੱਲ ਆਲਮ ਦੇ ਬਾਜ਼ਾਰਾਂ ਤੱਕ ਰਸਾਈ ਲਈ ਚੀਨ ਸਾਡਾ ਲਾਂਘਾ ਹੈ।” -ਪੀਟੀਆਈ

ਮੁੱਲ੍ਹਾ ‘ਬਰਾਦਰ’ ਦੀ ਅਗਵਾਈ ‘ਚ ਬਣੇਗੀ ਨਵੀਂ ਸਰਕਾਰ

ਕਾਬੁਲ: ਮੁੱਲ੍ਹਾ ਹੈਬਤਉੱਲ੍ਹਾ ਅਖ਼ੁੰਦਜ਼ਾਦਾ ਨੂੰ ਅਫ਼ਗ਼ਾਨਿਸਤਾਨ ਦਾ ਸੁਪਰੀਮ ਆਗੂ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਅੱਜ ਇਕ ਹੋਰ ਨਾਮ ਸਾਹਮਣੇ ਆਇਆ ਹੈ। ਤਾਲਿਬਾਨ ਦਾ ਸਹਿ-ਬਾਨੀ ਮੁੱਲ੍ਹਾ ਅਬਦੁਲ ਗ਼ਨੀ ‘ਬਰਾਦਰ’ ਜਲਦੀ ਹੀ ਐਲਾਨੀ ਜਾਣ ਵਾਲੀ ਨਵੀਂ ਸਰਕਾਰ ਦੀ ਅਗਵਾਈ ਕਰਨਗੇ। ਤਾਲਿਬਾਨ ਦੇ ਇਹ ਹੋਰ ਸਹਿ-ਬਾਨੀ ਮਰਹੂਮ ਮੁੱਲ੍ਹਾ ਉਮਰ ਦੇ ਪੁੱਤਰ ਮੁੱਲ੍ਹਾ ਮੁਹੰਮਦ ਯਾਕੂਬ ਤੇ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨੂੰ ਵੀ ਨਵੀਂ ਸਰਕਾਰ ‘ਚ ਅਹਿਮ ਜ਼ਿੰਮੇਵਾਰੀਆਂ ਸੌਂਪੇ ਜਾਣ ਦੀਆਂ ਕਨਸੋਆਂ ਹਨ। ਇਹ ਦਾਅਵਾ ਇਸਲਾਮਿਕ ਜਥੇਬੰਦੀ ਵਿਚਲੇ ਸੂਤਰਾਂ ਨੇ ਕੀਤਾ ਹੈ। ਬਰਾਦਰ ਦਾ ਨਾਂ ਅਜਿਹੇ ਮੌਕੇ ਸਾਹਮਣੇ ਆਇਆ ਹੈ ਜਦੋਂਕਿ ਪੰਜਸ਼ੀਰ ਵਾਦੀ ਵਿੱਚ ਤਾਲਿਬਾਨ ਤੇ ਬਾਗੀ ਲੜਾਕਿਆਂ ‘ਚ ਟਕਰਾਅ ਜਾਰੀ ਹੈ। ਬਰਾਦਰ ਤਾਲਿਬਾਨ ਦੇ ਦੋਹਾ ਵਿਚਲੇ ਸਿਆਸੀ ਦਫ਼ਤਰ ਦਾ ਮੁਖੀ ਹੈ। ਇਸ ਦੌਰਾਨ ਨਵੀਂ ਅਫ਼ਗ਼ਾਨ ਸਰਕਾਰ ਦੇ ਗਠਨ ਦਾ ਅਮਲ ਅੱਜ ਇਕ ਹੋਰ ਦਿਨ ਲਈ ਪੱਛੜ ਗਿਆ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਭਲਕੇ ਸ਼ਨਿੱਚਰਵਾਰ ਨੂੰ ਕੀਤਾ ਜਾਵੇਗਾ। ਇਕ ਸੀਨੀਅਰ ਤਾਲਿਬਾਨੀ ਅਧਿਕਾਰੀ ਨੇ ਗਲੋਬਲ ਨਿਊਜ਼ ਵਾਇਰ ਨੂੰ ਦੱਸਿਆ, ”ਸਾਰੇ ਸਿਖਰਲੇ ਆਗੂ ਕਾਬੁਲ ਪੁੱਜ ਗਏ ਹਨ, ਜਿੱਥੇ ਨਵੀਂ ਸਰਕਾਰ ਦੇ ਐਲਾਨ ਸਬੰਧੀ ਸਾਰੀਆਂ ਤਿਆਰੀਆਂ ਆਖਰੀ ਪੜਾਅ ‘ਤੇ ਹਨ।” ਤਾਲਿਬਾਨ ਦੇ ਸਿਖਰਲੇ ਧਾਰਮਿਕ ਆਗੂ ਹੈਬਤਉੱਲ੍ਹਾ ਅਖ਼ੁੰਦਜ਼ਾਦਾ ਇਸਲਾਮ ਦੇ ਚੌਖਟੇ ਵਿੱਚ ਰਹਿੰਦਿਆਂ ਧਾਰਮਿਕ ਤੇ ਸ਼ਾਸਕੀ ਪ੍ਰਬੰਧ ਨੂੰ ਵੇਖਣਗੇ। ਉਧਰ ਬਰਾਦਰ ਮਰਹੂਮ ਤਾਲਿਬਾਨੀ ਆਗੂ ਮੁੱਲ੍ਹਾ ਮੁਹੰਮਦ ਉਮਰ ਦੇ ਨੇੜਲਿਆਂ ‘ਚੋਂ ਇਕ ਹੈ। ਅਬਦੁਲ ਗ਼ਨੀ ਨੂੰ ‘ਬਰਾਦਰ’ ਲਕਬ ਦੇਣ ਵਾਲਾ ਉਮਰ ਹੀ ਸੀ। ਤਾਲਿਬਾਨ ਦੇ ਸੂਚਨਾ ਤੇ ਸਭਿਆਚਾਰ ਕਮਿਸ਼ਨ ‘ਚ ਸੀਨੀਅਰ ਮੰਤਰੀ ਮੁਫ਼ਤੀ ਇਨਾਮੁੱਲ੍ਹਾ ਸਮਨਗ਼ਨੀ ਨੇ ਕਿਹਾ, ”ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਭ ਕੁਝ ਫਾਈਨਲ ਹੋ ਚੁੱਕਾ ਹੈ ਤੇ ਕੈਬਨਿਟ ਬਾਰੇ ਵੀ ਲੋੜੀਂਦੀ ਗੱਲਬਾਤ ਹੋ ਗਈ ਹੈ।’ -ਪੀਟੀਆਈSource link