ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਤੋਂ ਰੋਹ

ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਤੋਂ ਰੋਹ


ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 4 ਸਤੰਬਰ

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਨੇ ਅੱਜ ਇੱਥੇ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਨਵੀਨੀਕਰਨ ਦੇ ਨਾਂ ਹੇਠ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਕਾਰਨ ਦੇਸ਼ ਵਾਸੀਆਂ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਭੇਜ ਕੇ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਦੀ ਮੰਗ ਕੀਤੀ ਹੈ।

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਦੀ ਤੰਗ ਗਲੀ ਦਾ ਪੁਰਾਤਨ ਮੁਹਾਂਦਰਾ ਅਤੇ ਉਸ ‘ਚੋਂ ਉਭਰਦੇ ਖੌਫ਼ਨਾਕ ਮੰਜ਼ਰ ਦਾ ਪ੍ਰਭਾਵ ਮਿਟਾ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹੱਸਦੇ-ਨੱਚਦੇ ਲੋਕਾਂ ਦੀਆਂ ਮੂਰਤੀਆਂ ਬਣਾ ਦਿੱਤੀਆਂ ਗਈਆਂ ਹਨ, ਜਿਸ ਤੋਂ ਅਜਿਹਾ ਨਹੀਂ ਲੱਗਦਾ ਕਿ ਇਹ ਲੋਕ ਇੱਥੇ ਬਰਤਾਨਵੀ ਸਾਮਰਾਜ ਦੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਲਾਈਆਂ ਗਈਆਂ ਰੋਕਾਂ ਦੇ ਬਾਵਜੂਦ ਆਏ ਸਨ। ਇਸੇ ਤਰ੍ਹਾਂ ਪ੍ਰਵੇਸ਼ ਗਲੀ ਰਾਹੀਂ ਦਾਖ਼ਲ ਹੋਣ ਤੋਂ ਪਹਿਲਾਂ ਹੀ ਖੱਬੇ ਹੱਥ ਦਾਖਲਾ ਫੀਸ ਹਾਸਲ ਕਰਨ ਲਈ ਆਧੁਨਿਕ ਮਸ਼ੀਨਾਂ ਲਾ ਦਿੱਤੀਆਂ ਗਈਆਂ ਹਨ, ਜਿੱਥੇ ਕਿਸੇ ਵੇਲੇ ਵੀ ਫੀਸ ਵਸੂਲੀ ਲਾਜ਼ਮੀ ਹੋ ਜਾਵੇਗੀ।

ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਂ ਹੇਠ ਇਤਿਹਾਸਕ ਤੱਥਾਂ ਦੀ ਪ੍ਰਮਾਣਿਕਤਾ ਨਾਲ ਛੇੜਛਾੜ ਕੀਤੀ ਗਈ ਹੈ। ਬਾਗ਼ ‘ਚ ਦਾਖਲ ਹੁੰਦੇ ਹੀ ਜੋ ਫਾਇਰਿੰਗ ਸਥਾਨ ਦਾ ਉੱਚਾ ਥੜਾ ਸੀ, ਜਿੱਥੇ ਮਸ਼ੀਨ ਗੰਨ ਫਿੱਟ ਕੀਤੀ ਗਈ ਸੀ, ਉਹ ਮਿਟਾ ਕੇ ਫਰਸ਼ ‘ਤੇ ਹੀ ਰਸਮੀ ਨਿਸ਼ਾਨੀ ਲਾ ਦਿੱਤੀ ਗਈ ਹੈ। ਸ਼ਹੀਦਾਂ ਦੀ ਯਾਦ ‘ਚ ਅਮਰ ਜੋਤ ਵੀ ਪਹਿਲਾਂ ਵਾਲੇ ਢੁਕਵੇਂ ਸਥਾਨ ਤੋਂ ਪਿੱਛੇ ਹਟਾ ਦਿੱਤੀ ਹੈ। ਸ਼ਹੀਦੀ ਖੂਹ ਦੀ ਪੁਰਾਤਨ ਦਿੱਖ ਖਤਮ ਹੋ ਗਈ ਹੈ। ਦੋ ਕੰਧਾਂ ‘ਤੇ ਭਾਵੇਂ ਗੋਲੀਆਂ ਦੇ ਨਿਸ਼ਾਨ ਸੰਭਾਲੇ ਗਏ ਹਨ ਪਰ ਉਨ੍ਹਾਂ ਦੀ ਪੁਰਾਤਨ ਦਿੱਖ ਬਦਲ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਲਾਈਟ ਐਂਡ ਸਾਊਂਡ ਅਤੇ ਹੋਰ ਵੱਖ-ਵੱਖ ਥਾਵਾਂ ‘ਤੇ ਲਿਖੀਆਂ ਸਤਰਾਂ ਵਿਚ ‘ਰਾਸ਼ਟਰਵਾਦ’ ਤਾਂ ਵਾਰ-ਵਾਰ ਉਭਰਦਾ ਹੈ ਪਰ ਕਿਸੇ ਵੀ ਥਾਂ ‘ਤੇ ‘ਸਾਮਰਾਜਵਾਦ ਮੁਰਦਾਬਾਦ’ ਲਿਖਿਆ ਨਹੀਂ ਮਿਲਦਾ। ਕਮੇਟੀ ਨੇ ਕਿਹਾ ਹੈ ਕਿ ਉਹ ਬੀਤੇ ਕਈ ਦਹਾਕਿਆਂ ਤੋਂ ਜੱਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਧਰੋਹਰ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਆਪਣੇ ਖਦਸ਼ੇ ਪ੍ਰਗਟ ਕਰਦੇ ਆ ਰਹੇ ਹਨ। ਉਨ੍ਹਾਂ ਸਮੇਂ-ਸਮੇਂ ‘ਤੇ ਪ੍ਰਧਾਨ ਮੰਤਰੀ, ਜੱਲ੍ਹਿਆਂਵਾਲਾ ਬਾਗ਼ ਟਰੱਸਟ ਦੇ ਮੁਖੀਆਂ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਸਨ। ਉਨ੍ਹਾਂ ਵੱਲੋਂ ਦਿੱਤੇ ਭਰੋਸੇ ਅਤੇ ਹਾਂ ਪੱਖੀ ਹੁੰਗਾਰੇ ਦਾ ਵੀ ਕਮੇਟੀ ਕੋਲ ਰਿਕਾਰਡ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਇਸ ਯਾਦਗਾਰ ਨੂੰ ਸੈਰਗਾਹ ਬਣਾਉਣ ਅਤੇ ਮਰਜ਼ੀ ਦੀਆਂ ਤਬਦੀਲੀਆਂ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਮੋਦੀ ਸਰਕਾਰ ਨੇ ਇਨ੍ਹਾਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਵਿਸ਼ੇਸ਼ ਏਜੰਡੇ ਹੇਠ ਹੀ ਇੱਥੇ ਤਬਦੀਲੀਆਂ ਕੀਤੀਆਂ ਹਨ।

ਕਮੇਟੀ ਨੇ ਪ੍ਰਧਾਨ ਮੰਤਰੀ, ਜੱਲ੍ਹਿਆਂਵਾਲਾ ਬਾਗ਼ ਟਰੱਸਟ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਇਸ ਇਤਿਹਾਸਕ ਯਾਦਗਾਰ ਦਾ ਮੂਲ ਇਤਿਹਾਸਕ ਸਰੂਪ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਇਸ ਦੇ ਮੂਲ ਸਰੂਪ ਦੀ ਬਹਾਲੀ ਲਈ ਇਤਿਹਾਸਕਾਰਾਂ, ਲੇਖਕਾਂ ਅਤੇ ਜਮਹੂਰੀ ਹਲਕਿਆਂ ਦਾ ਸਹਿਯੋਗ ਲਿਆ ਜਾਵੇਗਾ ਤੇ ਇਸ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾਏਗੀ। ਇਸ ਮੌਕੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਰਿੰਦਰ ਕੁਮਾਰੀ ਕੋਛੜ, ਵਿਜੈ ਬੰਬੇਲੀ, ਪ੍ਰੋ. ਗੋਪਾਲ ਸਿੰਘ ਬੁੱਟਰ, ਮਨਜੀਤ ਸਿੰਘ ਬਾਸਰਕੇ ਤੇ ਰਤਨ ਸਿੰੰਘ ਰੰਧਾਵਾ ਸਮੇਤ ਹੋਰ ਸ਼ਾਮਲ ਸਨ।

ਮੁਸਲਮਾਨ ਸ਼ਹੀਦਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼

ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼ਹੀਦੀ ਸਮਾਰਕ ਅੱਗੇ ਤਲਾਬ ਵਿੱਚ ਕਮਲ ਦੇ ਫੁੱਲ ਲਾਉਣ ਪਿੱਛੇ ਵੀ ਮੋਦੀ ਹਕੂਮਤ ਦੀ ਗੁੱਝੀ ਮਨਸ਼ਾ ਸਪੱਸ਼ਟ ਹੁੰਦੀ ਹੈ। ਇਸੇ ਤਰ੍ਹਾਂ ਕਈ ਆਜ਼ਾਦੀ ਸੰਗਰਾਮੀਆਂ ਦੇ ਨਾਂ ਨਜ਼ਰ ਨਹੀਂ ਆਉਂਦੇ ਅਤੇ ਕਈਆਂ ਦੇ ਨਾਂ ਗਲਤ ਲਿਖੇ ਹੋਏ ਹਨ। ਉੁਨ੍ਹਾਂ ਦੱਸਿਆ ਕਿ ਗ਼ਦਰ ਪਾਰਟੀ ਦੇ ਬਾਨੀ ਮੀਤ ਪ੍ਰਧਾਨ ਪ੍ਰੋ. ਬਰਕਤ ਉੱਲ੍ਹਾ ਅਤੇ ਦੇਸ਼ ਭਗਤ ਡਾ. ਹਾਫ਼ਿਜ਼ ਮੁਹੰਮਦ ਬਸ਼ੀਰ ਦੇ ਨਾਂ ਗਾਇਬ ਹਨ। ਮੁਸਲਮਾਨ ਦੇਸ਼ ਭਗਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਆਦਿ ਦੀਆਂ ਤਸਵੀਰਾਂ ਹੇਠਾਂ ‘ਸ਼ਹੀਦ’ ਵੀ ਨਹੀਂ ਲਿਖਿਆ ਗਿਆ।



Source link