ਤਾਲਿਬਾਨ ਦਾ ਵਿਰੋਧ ਕਦੇ ਨਹੀਂ ਛੱਡਾਂਗਾ: ਅਹਿਮਦ ਮਸੂਦ


ਨਵੀਂ ਦਿੱਲੀ, 4 ਸਤੰਬਰ

ਅਫ਼ਗਾਨਿਸਤਾਨ ਦੇ ਪੰਜਸ਼ੀਰ ਪ੍ਰਾਂਤ ਵਿਚ ਤਾਲਿਬਾਨ ਵਿਰੋਧੀ ਬਲਾਂ (ਐਂਟੀ ਤਾਲਿਬਾਨ ਰਜ਼ਿਸਸਟੈਂਸ ਫੋਰਸਿਜ਼) ਦੇ ਆਗੂ ਅਹਿਮਦ ਮਸੂਦ ਨੇ ਕਿਹਾ ਹੈ ਕਿ ਉਹ ਰੱਬ, ਨਿਆਂ ਤੇ ਆਜ਼ਾਦੀ ਖ਼ਾਤਰ ਕਦੇ ਵੀ ਤਾਲਿਬਾਨ ਵਿਰੋਧੀ ਰਵੱਈਆ ਨਹੀਂ ਛੱਡੇਗਾ।

ਖਾਮਾ ਨਿਊਜ਼ ਦੀ ਖ਼ਬਰ ਅਨੁਸਾਰ ਮਸੂਦ ਨੇ ਕਿਹਾ ਕਿ ਪੰਜਸ਼ੀਰ ਵਿਚ ਵਿਰੋਧ ਅਤੇ ਅਫ਼ਗਾਨਿਸਤਾਨ ਵਿਚ ਔਰਤਾਂ ਵੱਲੋਂ ਆਪਣੇ ਅਧਿਕਾਰਾਂ ਖ਼ਾਤਰ ਕੀਤੇ ਜਾ ਰਹੇ ਪ੍ਰਦਰਸ਼ਨ ਸੰਕੇਤ ਦਿੰਦੇ ਹਨ ਕਿ ਜਦੋਂ ਗੱਲ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਖੜ੍ਹਨ ਦੀ ਆਉਂਦੀ ਹੈ ਤਾਂ ਉਹ ਕਦੇ ਹਾਰ ਨਹੀਂ ਮੰਨਦੇ। ਸ਼ੁੱਕਰਵਾਰ ਰਾਤ ਨੂੰ ਪੰਜਸ਼ੀਰ ਪ੍ਰਾਂਤ ਵਿਚ ਜੰਗ ਤੇਜ਼ ਹੋ ਗਈ ਅਤੇ ਇਸ ਦੇ ਰੁਕਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ।

ਮਸੂਦ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਅਫ਼ਗਾਨਿਸਤਾਨ ਦੇ ਲੋਕ ਵਿਰੋਧ ਕਰਨ ਤੋਂ ਕਦੇ ਨਹੀਂ ਥੱਕਦੇ ਹਨ ਤੇ ਆਪਣੇ ਅਧਿਕਾਰਾਂ ਲਈ ਲੜਦੇ ਹਨ ਅਤੇ ਇਕ ਵਿਕਸਤ ਤੇ ਆਜ਼ਾਦ ਅਫ਼ਗਾਨਿਸਤਾਨ ਲਈ ਕੋਸ਼ਿਸ਼ ਕਰਦੇ ਰਹਿਣਗੇ। ਉਸ ਨੇ ਕਿਹਾ ਕਿ ਹਾਰ ਸਿਰਫ਼ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਜਾਇਜ਼ ਹੱਕਾਂ ਲਈ ਲੜਨਾ ਛੱਡ ਦਿੰਦੇ ਹੋ ਅਤੇ ਥੱਕ ਜਾਂਦੇ ਹੋ।

ਜ਼ਿਕਰਯੋਗ ਹੈ ਕਿ ਖ਼ਬਰਾਂ ਆ ਰਹੀਆਂ ਸਨ ਕਿ ਤਾਲਿਬਾਨ ਅਤੇ ਵਿਰੋਧੀ ਬਲਾਂ ਵਿਚਾਲੇ ਪੰਜਸ਼ੀਰ ਵਿਚ ਹੋਈ ਖ਼ਤਰਨਾਕ ਝੜਪ ਤੋਂ ਬਾਅਦ ਮਸੂਦ ਤੇ ਅਮਰਉੱਲਾ ਸਲੇਹ ਤਾਜਿਕਿਸਤਾਨ ਭੱਜ ਗਏ ਹਨ ਪਰ ਬਾਅਦ ਵਿਚ ਇਕ ਵੀਡੀਓ ਜਾਰੀ ਕਰ ਕੇ ਮਸੂਦ ਨੇ ਕਿਹਾ, ”ਉਹ ਅਜੇ ਵੀ ਪ੍ਰਾਂਤ ਵਿਚ ਹੀ ਹੈ।”

ਸਾਬਕਾ ਉਪ ਰਾਸ਼ਟਰਪਤੀ ਅਤੇ ਪੰਜਸ਼ੀਰ ਵਿਚ ਵਿਰੋਧੀ ਬਲਾਂ ਦੇ ਇਕ ਕਮਾਂਡਰ ਨੇ ਸੰਯੁਕਤ ਰਾਸ਼ਟਰ ਨੂੰ ਹਾਲਾਤ ‘ਤੇ ਨੇੜਿਓਂ ਨਜ਼ਰ ਰੱਖਣ ਅਤੇ ਪ੍ਰਾਂਤ ਵਿਚ ਮਨੁੱਖੀ ਸਹਾਇਤਾ ਦੀ ਮਨਜ਼ੂਰੀ ਦੇਣ ਸਬੰਧੀ ਤਾਲਿਬਾਨ ‘ਤੇ ਦਬਾਅ ਬਣਾਉਣ ਦੀ ਅਪੀਲ ਕੀਤੀ। -ਆਈਏਐੱਨਐੱਸ

ਯੂਏਈ ਦਾ ਜਹਾਜ਼ ਅਨਾਜ ਲੈ ਕੇ ਕਾਬੁਲ ਪਹੁੰਚਿਆ

ਕਾਬੁਲ: ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਇਕ ਹਵਾਈ ਜਹਾਜ਼ ਖੁਰਾਕ ਵਸਤਾਂ ਲੈ ਕੇ ਕਾਬੁਲ ਵਿਚ ਸਥਿਤ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਿਆ। 31 ਅਗਸਤ ਨੂੰ ਅਮਰੀਕੀ ਫੌਜਾਂ ਦੇ ਰਵਾਨਾ ਹੋਣ ਮਗਰੋਂ ਇਹ ਪਹਿਲਾ ਹਵਾਈ ਜਹਾਜ਼ ਹੈ ਜੋ ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਉਤਰਿਆ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਦੱਸਿਆ, ”60 ਟਨ ਅਨਾਜ ਲੈ ਕੇ ਸੰਯੁਕਤ ਅਰਬ ਅਮੀਰਾਤ ਦਾ ਇਕ ਵੱਡਾ ਜਹਾਜ਼ ਕਾਬੁਲ ਪਹੁੰਚਿਆ ਹੈ।” -ਆਈਏਐੱਨਐੱਸ

ਅਫ਼ਗਾਨਿਸਤਾਨ ਨੂੰ ਫੰਡਿੰਗ ਦੇ ਮੁੱਦੇ ‘ਤੇ ਸੰਯੁਕਤ ਰਾਸ਼ਟਰ ਦੀ ਬੈਠਕ 13 ਨੂੰ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਮੁਖੀ ਨੇ ਅਫ਼ਗਾਨਿਸਤਾਨ ‘ਚ ਵਧ ਰਹੇ ਮਾਨਵੀ ਸੰਕਟ ਨੂੰ ਸੁਲਝਾਉਣ ਲਈ 13 ਸਤੰਬਰ ਨੂੰ ਜਨੇਵਾ ‘ਚ ਬੈਠਕ ਸੱਦੀ ਹੈ। ਅਫ਼ਗਾਨਿਸਤਾਨ ‘ਚ ਤਿੰਨ ਕਰੋੜ 80 ਲੱਖ ਦੀ ਆਬਾਦੀ ‘ਚੋਂ ਕਰੀਬ ਅੱਧੀ ਨੂੰ ਸਹਾਇਤਾ ਦੀ ਲੋੜ ਹੈ। ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਕਿਹਾ ਕਿ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਅਫ਼ਗਾਨਾਂ ਦੀ ਸਹਾਇਤਾ ਲਈ 1.3 ਅਰਬ ਡਾਲਰ ਦੇਣ ਦੀ ਅਪੀਲ ਵੀ ਕਰਨਗੇ। ਤਰਜਮਾਨ ਨੇ ਕਿਹਾ ਕਿ ਤਿੰਨ ‘ਚੋਂ ਇਕ ਅਫ਼ਗਾਨ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਅਗਲਾ ਭੋਜਨ ਕਿਥੋਂ ਮਿਲੇਗਾ। ਪੰਜ ਸਾਲ ਤੋਂ ਛੋਟੇ ਬੱਚਿਆਂ ਦੇ ਅਗਲੇ 12 ਮਹੀਨਿਆਂ ‘ਚ ਕੁਪੋਸ਼ਣ ਦਾ ਸ਼ਿਕਾਰ ਹੋਣ ਦਾ ਖ਼ਦਸ਼ਾ ਹੈ। -ਏਪੀSource link