ਤਾਲਿਬਾਨ ਦਾ ਪੰਜਸ਼ੀਰ ਦੀ ਰਾਜਧਾਨੀ ’ਚ ਦਾਖ਼ਲ ਹੋਣ ਦਾ ਦਾਅਵਾ


ਕਾਬੁਲ, 5 ਸਤੰਬਰ

ਤਾਲਿਬਾਨ ਨੇ ਅੱਜ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜ ਪੰਜਸ਼ੀਰ ਵਾਦੀ ਦੀ ਰਾਜਧਾਨੀ ਬਜ਼ਰਕ ‘ਚ ਦਾਖ਼ਲ ਹੋ ਗਈ ਹੈ। ਤਾਲਿਬਾਨ ਦਾ ਵਿਰੋਧ ਕਰ ਰਹੇ ਨੈਸ਼ਨਲ ਰਜ਼ਿਸਟੈਂਸ ਫਰੰਟ ਆਫ਼ ਅਫ਼ਗਾਨਿਸਤਾਨ (ਐੱਨਆਰਐੱਫਏ) ਨੇ ਇਸ ਦਾਅਵੇ ਬਾਰੇ ਤੁਰੰਤ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਉਂਜ ਬਾਗ਼ੀ ਧੜੇ ਦੇ ਆਗੂ ਅਹਿਮਦ ਮਸੂਦ ਨੇ ਕਿਹਾ ਹੈ ਕਿ ਜੇਕਰ ਤਾਲਿਬਾਨ ਪੰਜਸ਼ੀਰ ਤੋਂ ਵਾਪਸ ਮੁੜ ਜਾਂਦਾ ਹੈ ਤਾਂ ਉਹ ਲੜਾਈ ਰੋਕਣ ਲਈ ਤਿਆਰ ਹਨ। ਇਸ ਮਗਰੋਂ ਉਹ ਉਲੇਮਾ ‘ਚ ਵਾਰਤਾ ਬਾਰੇ ਮੁੱਦਾ ਉਠਾਉਣਗੇ। ਤਾਲਿਬਾਨ ਦੇ ਤਰਜਮਾਨ ਬਿਲਾਲ ਕਰੀਮੀ ਨੇ ਟਵਿੱਟਰ ‘ਤੇ ਕਿਹਾ ਕਿ ਰਾਜਧਾਨੀ ਬਜ਼ਰਕ ਨੇੜੇ ਪੈਂਦੇ ਰੁਖਾਹ ਦੇ ਪੁਲੀਸ ਹੈੱਡਕੁਆਰਟਰ ਅਤੇ ਜ਼ਿਲ੍ਹਾ ਸੈਂਟਰ ‘ਤੇ ਕਬਜ਼ਾ ਕਰ ਲਿਆ ਗਿਆ ਹੈ ਅਤੇ ਵਿਰੋਧੀ ਫ਼ੌਜ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਉਸ ਨੇ ਕਿਹਾ ਕਿ ਬਜ਼ਰਕ ‘ਚ ਗਹਿਗੱਚ ਲੜਾਈ ਜਾਰੀ ਹੈ। ਇਸ ਤੋਂ ਪਹਿਲਾਂ ਐੱਨਆਰਐੱਫਏ ਦੇ ਤਰਜਮਾਨ ਫਾਹਿਮ ਦਸ਼ਤੀ ਨੇ ਕਿਹਾ ਸੀ ਕਿ ਪੰਜਸ਼ੀਰ ਦੇ ਉੱਤਰ-ਪੂਰਬ ‘ਚ ਪੈਂਦੇ ਪਾਰੀਆਂ ਜ਼ਿਲ੍ਹੇ ‘ਚ ਇਕ ਹਜ਼ਾਰ ਤਾਲਿਬਾਨ, ਜਿਨ੍ਹਾਂ ‘ਚ ਪਾਕਿਸਤਾਨੀ ਅਤੇ ਹੋਰ ਵਿਦੇਸ਼ੀ ਸ਼ਾਮਲ ਹਨ, ਨੂੰ ਫੜ ਲਿਆ ਗਿਆ ਹੈ। ਉਸ ਨੇ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਰਜ਼ਿਸਟੈਂਸ ਫੋਰਸ ਡਟ ਕੇ ਜਵਾਬ ਦੇਵੇਗੀ। ਸ਼ਨਿਚਰਵਾਰ ਨੂੰ ਇਤਾਲਵੀ ਸਹਾਇਤਾ ਗਰੁੱਪ ਨੇ ਕਿਹਾ ਸੀ ਕਿ ਤਾਲਿਬਾਨ ਲੜਾਕੇ ਪੰਜਸ਼ੀਰ ਵਾਦੀ ਦੇ ਅਨਾਬਾਹ ਜ਼ਿਲ੍ਹੇ ਦੇ ਹਸਪਤਾਲ ‘ਚ ਦਾਖ਼ਲ ਹੋ ਗਏ ਹਨ। ਤਾਲਿਬਾਨ ਦੇ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਫ਼ੌਜ ਨੇ ਪੰਜਸ਼ੀਰ ‘ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ ਪਰ ਕਈ ਦਿਨਾਂ ਤੋਂ ਉਥੇ ਜੰਗ ਹੋ ਰਹੀ ਹੈ ਜਿਸ ‘ਚ ਦੋਵੇਂ ਪਾਸਿਆਂ ਦਾ ਵੱਡਾ ਜਾਨੀ ਨੁਕਸਾਨ ਹੋਇਆ ਹੈ। -ਰਾਇਟਰਜ਼

ਕਾਬੁਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਕੌਮਾਂਤਰੀ ਹਵਾਈ ਅੱਡੇ ਤੋਂ ਕੁਝ ਘਰੇਲੂ ਉਡਾਣਾਂ ਸ਼ੁਰੂ ਹੋ ਗਈਆਂ ਹਨ। ਏਰੀਆਨਾ ਅਫ਼ਗਾਨ ਏਅਰਲਾਈਨ ਨੇ ਤਿੰਨ ਪ੍ਰਾਂਤਾਂ ਲਈ ਉਡਾਣਾਂ ਸ਼ੁਰੂ ਕੀਤੀਆਂ ਹਨ। ਏਅਰਲਾਈਨ ਦੇ ਸਟੇਸ਼ਨ ਮੈਨੇਜਰ ਸ਼ੇਰਸ਼ਾਹ ਸਟੋਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ਨਿਚਰਵਾਰ ਨੂੰ ਪੱਛਮੀ ਹੇਰਾਤ, ਦੱਖਣੀ ਕੰਧਾਰ ਅਤੇ ਉੱਤਰੀ ਬਲਖ਼ ਪ੍ਰਾਂਤਾਂ ਲਈ ਉਡਾਣਾਂ ਭਰੀਆਂ ਗਈਆਂ। ਉਨ੍ਹਾਂ ਕਿਹਾ ਕਿ ਰਡਾਰ ਪ੍ਰਣਾਲੀ ਤੋਂ ਬਿਨਾਂ ਹੀ ਜਹਾਜ਼ ਉੱਡ ਰਹੇ ਹਨ। ਅੱਜ ਇਨ੍ਹਾਂ ਪ੍ਰਾਂਤਾਂ ਲਈ ਤਿੰਨ ਹੋਰ ਜਹਾਜ਼ ਰਵਾਨਾ ਹੋਏ। ਹਵਾਈ ਅੱਡੇ ਨੂੰ ਮੁੜ ਚਾਲੂ ਕਰਨ ਲਈ ਕਤਰ ਅਤੇ ਤੁਰਕੀ ਤੋਂ ਤਕਨੀਸ਼ਨਾਂ ਦੀ ਟੀਮ ਪਿਛਲੇ ਹਫ਼ਤੇ ਕਾਬੁਲ ਪਹੁੰਚੀ ਸੀ। ਉਂਜ ਅਜੇ ਕਮਰਸ਼ੀਅਲ ਉਡਾਣਾਂ ਸ਼ੁਰੂ ਨਹੀਂ ਹੋਈਆਂ ਹਨ। -ਏਪੀSource link