ਦਰਸ਼ਨ ਸਿੰਘ ਸੋਢੀ
ਮੁਹਾਲੀ, 7 ਸਤੰਬਰ
ਇਥੋਂ ਦੇ ਫੇਜ਼-11 ਵਿੱਚ ਰਹਿੰਦੇ ਚੰਡੀਗੜ੍ਹ ਪੁਲੀਸ ਦੇ ਸਾਬਕਾ ਸਬ ਇੰਸਪੈਕਟਰ ਕਰਤਾਰ ਸਿੰਘ ਨੇ ਆਪਣੀ ਪਤਨੀ ਕੁਲਦੀਪ ਕੌਰ(60) ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰਤਾਰ ਸਿੰਘ ਖ਼ਿਲਾਫ਼ ਕੁੱਝ ਸਮਾਂ ਪਹਿਲਾਂ ਧਾਰਾ 307 ਦਾ ਪਰਚਾ ਹੋਇਆ ਸੀ ਅਤੇ ਇਸ ਮੁਕੱਦਮੇ ਵਿੱਚ ਉਸ ਦੀ ਪਤਨੀ ਕੁਲਦੀਪ ਕੌਰ ਅਹਿਮ ਗਵਾਹ ਸੀ। ਸਬ ਇੰਸਪੈਕਟਰ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਗਵਾਹੀ ਸਬੰਧੀ ਪਤੀ-ਪਤਨੀ ਵਿੱਚ ਝਗੜਾ ਹੋ ਗਿਆ, ਜੋ ਦੇਖਦੇ ਹੀ ਦੇਖਦੇ ਖੂੰਨੀ ਸੰਘਰਸ਼ ਵਿੱਚ ਤਬਦੀਲ ਹੋ ਗਿਆ। ਸਬ ਇੰਸਪੈਕਟਰ ਆਪਣੀ ਪਤਨੀ ‘ਤੇ ਗਵਾਹੀ ਨਾ ਦੇਣ ਲਈ ਦਬਾਅ ਪਾ ਰਿਹਾ ਸੀ ਪਰ ਉਹ ਆਪਣੇ ਬਿਆਨਾਂ ‘ਤੇ ਅੜੀ ਹੋਈ ਸੀ। ਇਸ ਦੌਰਾਨ ਕਰਤਾਰ ਸਿੰਘ ਨੇ ਆਪਣੀ ਪਤਨੀ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।