ਤਾਲਿਬਾਨ ਵੱਲੋਂ ਸਰਕਾਰ ਦਾ ਐਲਾਨ, ਮੁੱਲ੍ਹਾ ਹਸਨ ਹੱਥ ਕਮਾਨ


ਕਾਬੁਲ, 7 ਸਤੰਬਰ

ਤਾਲਿਬਾਨ ਦੇ ਚੋਟੀ ਦੇ ਆਗੂ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਨੇ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਨੂੰ ਤਾਲਿਬਾਨ ਸਰਕਾਰ ਦੀ ਅਗਵਾਈ ਲਈ ਚੁਣਿਆ ਹੈ। ਮੁੱਲ੍ਹਾ ਹਸਨ ਤਾਲਿਬਾਨ ਦੇ ਸੰਸਥਾਪਕ ਮਰਹੂਮ ਮੁੱਲ੍ਹਾ ਉਮਰ ਦਾ ਸਹਿਯੋਗੀ ਰਿਹਾ ਹੈ। ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਜੋ ਕਿ ਤਾਲਿਬਾਨ ਦੀ ਸਿਆਸੀ ਸ਼ਾਖਾ ਦਾ ਚੇਅਰਮੈਨ ਹੈ, ਨੂੰ ਨਵੀਂ ਤਾਲਿਬਾਨ ਸਰਕਾਰ ਦਾ ਉਪ ਮੁਖੀ ਚੁਣਿਆ ਗਿਆ ਹੈ। ਹੱਕਾਨੀ ਨੈੱਟਵਰਕ ਦੇ ਸੰਸਥਾਪਕ ਦੇ ਪੁੱਤਰ ਸਰਾਜੂਦੀਨ ਹੱਕਾਨੀ ਨੂੰ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹੱਕਾਨੀ ਨੈੱਟਵਰਕ ਨੂੰ ਅਮਰੀਕਾ ਨੇ ਅਤਿਵਾਦੀ ਜਥੇਬੰਦੀ ਐਲਾਨਿਆ ਹੋਇਆ ਹੈ। ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਇਕ ਮੀਡੀਆ ਕਾਨਫਰੰਸ ਕਰਦਿਆਂ ਦੱਸਿਆ ਕਿ ਮੁੱਲ੍ਹਾ ਉਮਰ ਦੇ ਪੁੱਤਰ ਮੁੱਲ੍ਹਾ ਮੁਹੰਮਦ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਦੀ ਸਰਕਾਰ ਵਿਚ ਕੀ ਭੂਮਿਕਾ ਹੋਵੇਗੀ। ਪੱਛਮੀ ਮੁਲਕਾਂ ਦੀ ਹਮਾਇਤ ਪ੍ਰਾਪਤ ਸਰਕਾਰ ਦੇ ਡਿੱਗਣ ਤੇ ਤਾਲਿਬਾਨ ਵੱਲੋਂ ਕਾਬੁਲ ਉਤੇ ਕਬਜ਼ੇ ਤੋਂ ਬਾਅਦ ਨਾ ਤਾਂ ਅਖ਼ੂਨਜ਼ਾਦਾ ਨੂੰ ਕਿਸੇ ਨੇ ਦੇਖਿਆ ਹੈ ਤੇ ਨਾ ਹੀ ਸੁਣਿਆ ਹੈ। ਵੱਖ-ਵੱਖ ਕੱਟੜ ਇਸਲਾਮਿਕ ਜਥੇਬੰਦੀਆਂ ਤੋਂ ਆਗੂਆਂ ਨੂੰ ਸਰਕਾਰ ਲਈ ਚੁਣ ਕੇ ਤਾਲਿਬਾਨ ਨੇ ਸੰਕੇਤ ਦਿੱਤਾ ਹੈ ਕਿ ਉਹ ਕਿਸੇ ਵੀ ਵਿਰੋਧ ਪ੍ਰਤੀ ਨਰਮੀ ਨਹੀਂ ਵਰਤਣਗੇ। ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਅੱਜ ਕਾਬੁਲ ਵਿਚ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਫਾਇਰਿੰਗ ਕੀਤੀ ਸੀ। ਤਾਲਿਬਾਨ ਕਈ ਵਾਰ ਦੁਹਰਾ ਚੁੱਕਾ ਹੈ ਕਿ ਉਹ ਆਪਣੇ ਪਿਛਲੇ ਕਾਰਜਕਾਲ ਵਾਂਗ ਲੋਕਾਂ ਨਾਲ ਸਖ਼ਤੀ ਨਹੀਂ ਵਰਤੇਗਾ। ਔਰਤਾਂ ਤੇ ਲੜਕੀਆਂ ਨੂੰ ਹੱਕ ਦਿੱਤੇ ਜਾਣਗੇ। ਤਾਲਿਬਾਨ ਨੇ ਅੱਜ ਕਿਹਾ ਕਿ ਮਜ਼ਾਰ-ਏ-ਸ਼ਰੀਫ਼ ਵਿਚ ਫਸੇ ਜਿਨ੍ਹਾਂ ਅਫ਼ਗਾਨ ਲੋਕਾਂ ਕੋਲ ਵੀਜ਼ਾ ਤੇ ਪਾਸਪੋਰਟ ਹੈ, ਤੇ ਉਹ ਚਾਰਟਰਡ ਉਡਾਣਾਂ ਦੀ ਉਡੀਕ ਕਰ ਰਹੇ ਹਨ, ਨੂੰ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ। -ਰਾਇਟਰਜ਼

ਮੁੱਲਾ ਬਰਾਦਰ

ਕੈਬਨਿਟ ਿਵੱਚ ਕਿਸੇ ਵੀ ਗ਼ੈਰ-ਤਾਲਿਬਾਨ ਆਗੂ ਨੂੰ ਥਾਂ ਨਹੀਂ

ਤਾਲਿਬਾਨ ਕੈਬਨਿਟ ਵਿਚ ਕੋਈ ਵੀ ਗ਼ੈਰ-ਤਾਲਿਬਾਨ ਆਗੂ ਨਹੀਂ ਹੈ ਜਦਕਿ ਕੌਮਾਂਤਰੀ ਭਾਈਚਾਰਾ ਇਸ ਦੀ ਮੰਗ ਕਰ ਰਿਹਾ ਸੀ। ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲੀ ਸਰਕਾਰ ਬਣਾਉਣ ਦੀ ਮੰਗ ਕੀਤੀ ਗਈ ਸੀ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਇਹ ਨਿਯੁਕਤੀਆਂ ਅੰਤ੍ਰਿਮ ਹਨ। ਹਾਲਾਂਕਿ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਕਿੰਨੇ ਚਿਰ ਲਈ ਹਨ। ਚੋਣਾਂ ਕਰਵਾਉਣ ਬਾਰੇ ਵੀ ਕੋਈ ਸੰਕੇਤ ਨਹੀਂ ਦਿੱਤਾ ਗਿਆ। -ਏਪੀ

ਕਾਬੁਲ ਸਥਿਤ ਪਾਕਿਸਤਾਨ ਸਫਾਰਤਖ਼ਾਨੇ ਨੇੜੇ ਇਕ ਮੁਜ਼ਾਹਰਾਕਾਰੀ ‘ਤੇ ਬੰਦੂਕ ਤਾਣ ਕੇ ਖੜਾ ਤਾਲਿਬਾਨ ਲੜਾਕਾ। -ਫੋਟੋ: ਰਾਇਟਰਜ਼Source link