ਨਵੀਂ ਦਿੱਲੀ, 7 ਸਤੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਫ਼ੈਸਲੇ ਲਿਖਣਾ ਵੀ ਇਕ ਕਲਾ ਹੈ ਜਿਸ ਵਿੱਚ ਕਾਨੂੰਨ ਤੇ ਤਰਕ ਦੇ ਸੁਮੇਲ ਦਾ ਹੁਨਰ ਸ਼ਾਮਲ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਨਿਆਂਇਕ ਫ਼ੈਸਲੇ ਇਕਸਾਰ ਤੇ ਤਰਕਪੂਰਨ ਹੋਣੇ ਚਾਹੀਦੇ ਹਨ ਜਿਸ ਨਾਲ ਸਚਾਈ ਸਾਹਮਣੇ ਲਿਆ ਕੇ ਤਰਕਪੂਰਨ ਸਿੱਟਾ ਕੱਢਿਆ ਜਾ ਸਕੇ। ਕਤਲ ਦੇ ਦੋਸ਼ੀ ਦੀ ਜ਼ਮਾਨਤ ਮਨਜ਼ੂਰ ਕਰਨ ਦੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਖਾਰਜ ਕਰਦਿਆਂ ਸਿਖਰਲੀ ਅਦਾਲਤ ਨੇ ਕਿਹਾ ਕਿ ਨਿਆਂਪਾਲਿਕਾ ਦਾ ਫ਼ੈਸਲਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਤੱਥ ਸਾਬਤ ਹੋਣ। ਜਸਟਿਸ ਡੀ ਵਾਈ ਚੰਦਰਚੂੜ ਅਤੇ ਐੱਮ ਆਰ ਸ਼ਾਹ ਨੇ ਕਿਹਾ ਕਿ ਹਰੇਕ ਫ਼ੈਸਲੇ ਦੇ ਚਾਰ ਤੱਤ ਹੁੰਦੇ ਹਨ। ਇਨ੍ਹਾਂ ਵਿੱਚ ਤੱਥਾਂ ‘ਤੇ ਆਧਾਰਿਤ ਬਿਆਨ, ਕਾਨੂੰਨੀ ਮਸਲੇ ਜਾਂ ਸੁਆਲ, ਫ਼ੈਸਲਾ ਕਰਨ ਦੀ ਯੋਗਤਾ ਅਤੇ ਫ਼ੈਸਲਾ ਦਾ ਸਿੱਟਾ ਸ਼ਾਮਲ ਹਨ। -ਪੀਟੀਆਈ