ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 8 ਸਤੰਬਰ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ) ਦੇ ਸੱਦੇ ‘ਤੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਅਧਿਆਪਕ ਯੂਨੀਅਨ ਵੱਲੋਂ ਕਾਲਜ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਲਗਾਇਆ ਗਿਆ।
ਅਧਿਆਪਕਾਂ ਨੇ ਕਿਹਾ ਕਿ ਸਰਕਾਰ ਉਚੇਰੀ ਸਿੱਖਿਆ ਪ੍ਰਤੀ ਸੁਹਿਰਦ ਨਹੀਂ ਹੈ। ਅਧਿਆਪਕ ਵਰਗ ਨੂੰ ਸਰਕਾਰ ਵੱਲੋਂ ਅਜੇ ਤੱਕ 7ਵਾਂ ਤਨਖਾਹ ਕਮਿਸ਼ਨ ਨਹੀਂ ਦਿੱਤਾ ਗਿਆ ਅਤੇ ਨਵੇਂ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ ਪੇ-ਸਕੇਲਾਂ ਨਾਲੋਂ ਡੀ ਲਿੰਕ ਕਰ ਦਿੱਤਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਪੀ.ਸੀ.ਸੀ.ਟੀ.ਯੂ. ਦੀ ਜ਼ਿਲ੍ਹਾ ਕਾਊਂਸਲ ਚੰਡੀਗੜ੍ਹ ਵੱਲੋਂ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ‘ਤੇ ਬਾਕੀ ਜ਼ਿਲ੍ਹਾ ਕਾਊਂਸਲਾਂ ਵੱਲੋਂ ਵੀ ਭੁੱਖ ਹੜਤਾਲ ਕੀਤੀ ਜਾਵੇਗੀ। ਕਾਲਜ ਯੂਨੀਅਨ ਦੇ ਪ੍ਰਧਾਨ ਡਾ. ਰਾਸ਼ਿਦ ਰਸ਼ੀਦ ਅਤੇ ਸਕੱਤਰ ਡਾ. ਕੁਲਦੀਪ ਕੌਰ ਨੇ ਕਿਹਾ ਕਿ ਲੋੜ ਪੈਣ ‘ਤੇ ਰੋਸ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੀ ਨਾਨ ਟੀਚਿੰਗ ਯੂਨੀਅਨ ਦੇ ਮੈਂਬਰ ਵੀ ਮੌਜੂਦ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਇੱਥੇ ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੀ ਪੀ.ਸੀ.ਸੀ.ਟੀ.ਯੂ. ਦੀ ਲੋਕਲ ਇਕਾਈ ਦੇ ਪ੍ਰੋਫੈਸਰਾਂ ਵਲੋਂ ਸਰਕਾਰ ਦੀਆਂ ਸਿੱਖਿਆ ਪ੍ਰਤੀ ਮਾੜੀਆਂ ਨੀਤੀਆਂ ਖ਼ਿਲਾਫ਼ ਦੁਪਹਿਰ 1 ਤੋਂ 2 ਵਜੇ ਤੱਕ ਧਰਨਾ ਦਿੱਤਾ ਗਿਆ। ਇਕਾਈ ਪ੍ਰਧਾਨ ਪ੍ਰੋ. ਮਨਜੀਤ ਕੌਰ ਨੇ ਦੱਸਿਆ ਕਿ ਜਦੋਂ ਤੱਕ ਸਰਕਾਰ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਨਹੀਂ ਕਰਦੀ ਤੇ ਨਵੇਂ ਅਧਿਆਪਕਾਂ ਦੀ ਭਰਤੀ ਲਈ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਨਾਲੋਂ ਵੱਖ ਕਰਨ ਦਾ ਫੈਸਲਾ ਵਾਪਿਸ ਨਹੀਂ ਲੈਂਦੀ, ਉੱਦੋਂ ਤੱਕ ਉਹ ਰੋਸ ਪ੍ਰਗਟ ਕਰਦੇ ਰਹਿਣਗੇ। ਇਸ ਮੌਕੇ ਲੋਕਲ ਇਕਾਈ ਦੇ ਸਮੂਹ ਮੈਂਬਰ ਮੌਜੂਦ ਸਨ।