ਤਾਲਿਬਾਨ ਦੀ ਅੰਤਰਿਮ ਸਰਕਾਰ ਵੱਲੋਂ ਭਲਕੇ ਸਹੁੰ ਚੁੱਕਣ ਦੀ ਤਿਆਰੀ


ਕਾਬੁਲ, 9 ਸਤੰਬਰ

ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਅੰਤਰਿਮ ਸਰਕਾਰ ਵੱਲੋਂ 11 ਸਤੰਬਰ ਨੂੰ ਸਹੁੰ ਚੁੱਕੇ ਜਾਣ ਦੀ ਸੰਭਾਵਨਾ ਹੈ। ਇਸ ਦਿਨ 2001 ਵਿਚ ਅਮਰੀਕਾ ‘ਚ ਹੋਏ 9/11 ਦੇ ਹਮਲਿਆਂ ਦੀ 20ਵੀਂ ਵਰ੍ਹੇਗੰਢ ਵੀ ਹੈ। ਪ੍ਰਾਪਤ ਖ਼ਬਰਾਂ ਅਨੁਸਾਰ ਤਾਲਿਬਾਨ ਦੀ ਨਵੀਂ ਬਣੀ ਸਰਕਾਰ ਵੱਲੋਂ ਭਾਰਤ, ਚੀਨ, ਤੁਰਕੀ, ਪਾਕਿਸਤਾਨ, ਇਰਾਨ ਤੇ ਕਤਰ ਵਰਗੇ ਮੁਲਕਾਂ ਨੂੰ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਲਈ ਸੱਦੇ ਭੇਜ ਦਿੱਤੇ ਗਏ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਤਾਲਿਬਾਨ ਸਰਕਾਰ ਵੱਲੋਂ ਅਮਰੀਕਾ ਨੂੰ ਵੀ ਇਸ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ। ਤਾਲਿਬਾਨ ਵੱਲੋਂ ਉਸ ਦੀ ਅੰਤਰਿਮ ਸਰਕਾਰ ਦੇ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਲਿਬਾਨ ਵੱਲੋਂ ਇਸ ਨਵੀਂ ਸਰਕਾਰ ਨੂੰ ਕੌਮਾਂਤਰੀ ਪੱਧਰ ‘ਤੇ ਮਾਨਤਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਮੁਲਕਾਂ ਨੂੰ ਇਸ ਜੰਗ ਪ੍ਰਭਾਵਿਤ ਮੁਲਕ ਵਿਚ ਮੁੜ ਤੋਂ ਉਨ੍ਹਾਂ ਦੇ ਸਫ਼ਾਰਤਖਾਨੇ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਹੈ। ਤਾਲਿਬਾਨ ਦੇ ਤਜਰਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ, ”ਅਸੀਂ ਮੰਨਦੇ ਹਾਂ ਕਿ ਨਿਵੇਸ਼ ਲਈ ਸ਼ਾਂਤੀ ਤੇ ਸਥਿਰਤਾ ਬਹੁਤ ਜ਼ਰੂਰੀ ਹੈ। ਅਸੀਂ ਚੀਨ ਸਣੇ ਸਾਰੇ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਚਾਹੁੰਦੇ ਹਾਂ।” ਉਸ ਨੇ ਕਿਹਾ, ”ਜੰਗ ਖ਼ਤਮ ਹੋ ਚੁੱਕੀ ਹੈ, ਦੇਸ਼ ਸੰਕਟ ‘ਚੋਂ ਬਾਹਰ ਨਿਕਲ ਰਿਹਾ ਹੈ। ਹੁਣ ਵੇਲਾ ਸ਼ਾਂਤੀ ਤੇ ਪੁਨਰ ਨਿਰਮਾਣ ਦਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਸਹਿਯੋਗ ਦੇਣ। ਅਫ਼ਗਾਨਿਸਤਾਨ ਨੂੰ ਵੀ ਮਾਨਤਾ ਦਾ ਅਧਿਕਾਰ ਹੈ। ਕੌਮਾਂਤਰੀ ਭਾਈਚਾਰੇ ਨੂੰ ਕਾਬੁਲ ਵਿਚ ਆਪੋ-ਆਪਣੇ ਸਫ਼ਾਰਤਖਾਨੇ ਖੋਲ੍ਹਣੇ ਚਾਹੀਦੇ ਹਨ।

ਹਾਲਾਂਕਿ, ਕੌਮਾਂਤਰੀ ਭਾਈਚਾਰਾ ਤਾਲਿਬਾਨ ਦੀ ਇਸ ਅੰਤ੍ਰਿਮ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹੈ ਅਤੇ ਉਸ ਵੱਲੋਂ ਇਸ ਸਰਕਾਰ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਨਾ ਹੋਣ ‘ਤੇ ਸਵਾਲ ਉਠਾਏ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿਚ ਸ਼ਾਮਲ ਤਾਲਿਬਾਨੀ ਆਗੂਆਂ ਨੂੰ ਇਸ ਸਰਕਾਰ ਵਿਚ ਸ਼ਾਮਲ ਕੀਤੇ ਜਾਣ ਕਾਰਨ ਵੀ ਕੌਮਾਂਤਰੀ ਭਾਈਚਾਰਾ ਨਾਖੁਸ਼ ਹੈ।

ਉੱਧਰ, ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ”ਅਸੀਂ ਅਫ਼ਗਾਨਿਸਤਾਨ ਵਿਚ ਐਲਾਨੀ ਅੰਤ੍ਰਿਮ ਸਰਕਾਰ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਇਸ ਵਿਚ ਸ਼ਾਮਲ ਕੁਝ ਲੋਕਾਂ ਦੇ ਪਿਛੋਕੜ ਨੂੰ ਲੈ ਕੇ ਚਿੰਤਤ ਹਾਂ।”

ਇਸੇ ਦੌਰਾਨ ਤਾਲਿਬਾਨ ਨੇ ਕੌਮਾਂਤਰੀ ਭਾਈਚਾਰੇ ਦੀ ਆਲੋਚਨਾ ਦਾ ਤਿੱਖਾ ਵਿਰੋਧ ਕੀਤਾ। ਤਾਲਿਬਾਨ ਨੇ ਖ਼ਾਸ ਕਰ ਕੇ ਅਮਰੀਕਾ ‘ਤੇ ਵਰ੍ਹਦਿਆਂ ਕਿਹਾ ਕਿ ਤਾਲਿਬਾਨ ਦੀ ਅੰਤ੍ਰਿਮ ਸਰਕਾਰ ਨੂੰ ਮਾਨਤਾ ਨਾ ਦੇ ਕੇ ਅਮਰੀਕਾ ਦੋਹਾ ਸ਼ਾਂਤੀ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ। -ਆਈਏਐੱਨਐੱਸ

ਹਿਬਤੁੱਲ੍ਹਾ ਅਖੁੰਦਜ਼ਾਦਾ ਕਰਨਗੇ ਤਾਲਿਬਾਨ ਸਰਕਾਰ ਦੀ ਅਗਵਾਈ

ਕਾਬੁਲ: ਤਾਲਿਬਾਨ ਨੇ ਅੱਜ ਐਲਾਨ ਕੀਤਾ ਹੈ ਕਿ ਜੰਗ ਪ੍ਰਭਾਵਿਤ ਮੁਲਕ ਅਫ਼ਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਦੀ ਅਗਵਾਈ ਅਫ਼ਗਾਨਿਸਤਾਨ ਇਸਲਾਮਿਕ ਅਮੀਰਾਤ ਦੇ ਮੁੱਖ ਆਗੂ ਮੁੱਲ੍ਹਾ ਹਿਬਤੁੱਲ੍ਹਾ ਅਖੁੰਦਜ਼ਾਦਾ ਕਰਨਗੇ। ਟੋਲੋ ਨਿਊਜ਼ ਦੀ ਖ਼ਬਰ ਅਨੁਸਾਰ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਅਗਲੀ ਸਰਕਾਰ ਦੇ ਢਾਂਚੇ ਅਤੇ ਨਾਂ ਸਬੰਧੀ ਤਾਲਿਬਾਨ ਵੱਲੋਂ ਵਿਦੇਸ਼ੀਆਂ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁਜਾਹਿਦ ਨੇ ਕਿਹਾ, ”ਅਸੀਂ ਅਫ਼ਗਾਨਿਸਤਾਨ ਦੇ ਮਾਮਲਿਆਂ ਵਿਚ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਸਰਕਾਰ ਦਾ ਨਾਂ, ਇਸ ਦੀ ਕਿਸਮ ਅਤੇ ਗਠਨ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਸਬੰਧਤ ਹੈ ਅਤੇ ਉਹੀ ਇਸ ਸਬੰਧੀ ਫ਼ੈਸਲਾ ਲੈਣਗੇ।” ਤਾਲਿਬਾਨ ਨੇ ਕਿਹਾ ਕਿ ਨਵੀਂ ਸਰਕਾਰ ਦਾ ਨਾਂ ‘ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ’ ਹੈ। ਤਾਲਿਬਾਨ ਸਭਿਆਚਾਰਕ ਕਮਿਸ਼ਨ ਦੇ ਇਕ ਮੈਂਬਰ ਅਨਾਮੁੱਲ੍ਹਾ ਸਮਾਂਗਾਨੀ ਨੇ ਕਿਹਾ, ”ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਨੇ ਅਫ਼ਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੇ ਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।”ਜ਼ਿਕਰਯੋਗ ਹੈ ਕਿ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ, ਮੁੱਲ੍ਹਾ ਅਬਦੁਲ ਗਨੀ ਬਰਾਦਰ ਤੇ ਅਬਦੁਲ ਸਲਾਮ ਹਨਾਫੀ ਨੂੰ ਕਾਰਕਾਰੀ ਉਪ ਪ੍ਰਧਾਨ ਮੰਤਰੀ, ਮੁਹੰਮਦ ਯਾਕੂਬ ਨੂੰ ਕਾਰਜਕਾਰੀ ਰੱਖਿਆ ਮੰਤਰੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਆਮਿਰ ਖਾਨ ਮੁੱਤਾਕੀ ਨੂੰ ਕਾਰਜਕਾਰੀ ਵਿਦੇਸ਼ ਮੰਤਰੀ ਤੇ ਸਰਾਜੂਦੀਨ ਹੱਕਾਨੀ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਉੱਧਰ, ਤਾਲਿਬਾਨ ਅਨੁਸਾਰ ਇਹ ਨਿਯੁਕਤੀਆਂ ਪੱਕੀਆਂ ਨਹੀਂ ਹਨ ਬਲਕਿ ਇਹ ਕਾਰਜਕਾਰੀ ਅਹੁਦੇ ਹਨ ਅਤੇ ਬਾਕੀ ਨਿਯੁਕਤੀਆਂ ਬਾਰੇ ਐਲਾਨ ਬਾਅਦ ਵਿਚ ਕੀਤਾ ਜਾਵੇਗਾ। -ਆਈਏਐੱਨਐੱਸSource link