ਆਮਦਨ ਦੁੱਗਣੀ ਕਰਨ ਦਾ ਵਾਅਦਾ ਪੂਰਾ ਕਰੇ ਮੋਦੀ ਸਰਕਾਰ: ਕਿਸਾਨ ਮੋਰਚਾ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 11 ਸਤੰਬਰ

ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਆਮਦਨ ਦੁੱਗਣੀ ਕਰੇ। ਉਨ੍ਹਾਂ ਕਿਹਾ ਕਿ 2016 ‘ਚ ਕੀਤਾ ਵਾਅਦਾ ਪੂਰਾ ਕਰਨ ‘ਚ ਕੁਝ ਮਹੀਨੇ ਹੀ ਬਾਕੀ ਹਨ।

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੋਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ‘ਕਿਸਾਨਾਂ ਦੀ ਆਮਦਨ ਦੁੱਗਣੀ’ ਕਰਨ ਦੇ ਟੀਚੇ ਨੂੰ ਲਟਕਾ ਰਹੀ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਰੇ ਖੇਤੀ ਉਤਪਾਦਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਤੌਰ ‘ਤੇ ਗਾਰੰਟੀ ਦੇਣ ਦੀ ਕਿਸਾਨਾਂ ਦੀ ਮੰਗ ਨੂੰ ਰੱਦ ਕਰਦਿਆਂ ਮੋਦੀ ਸਰਕਾਰ ਨੇ ਜ਼ਮੀਨ ਦੇ ਮਾਲਕ ਖੇਤੀਬਾੜੀ ਪਰਿਵਾਰਾਂ ਲਈ ਪ੍ਰਤੀ ਮਹੀਨਾ 500 ਦੀ ਸਿੱਧੀ ਆਮਦਨੀ ਟਰਾਂਸਫਰ ਕਰਨ ਦਾ ਫੈਸਲਾ ਕੀਤਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 27 ਸਤੰਬਰ ਦੇ ‘ਭਾਰਤ ਬੰਦ’ ਦੌਰਾਨ ਕਿਸਾਨ ਸਾਰੇ ਭਾਜਪਾ ਤੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਵਿਰੁੱਧ ਵੀ ਪ੍ਰਦਰਸ਼ਨ ਕਰਨਗੇ ਜਿਵੇਂ ਕਿ ਪੰਜਾਬ, ਹਰਿਆਣਾ, ਰਾਜਸਥਾਨ ਤੇ ਉਤਰਾਖੰਡ ਵਿੱਚ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਕਿਸਾਨ ਅੰਬਾਨੀ-ਅਡਾਨੀ ਦਾ ਵਿਰੋਧ ਵੀ ਕਰਨਗੇ ਤੇ ਪੂਰੇ ਯੂਪੀ ਵਿੱਚ ਟੌਲ ਪਲਾਜ਼ਾ ਪਰਚੀ ਮੁਕਤ ਕਰ ਦੇਣਗੇ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਦੇ ਜੁਮਲੇ ਬਾਰੇ ਰਿਪੋਰਟ ਕਾਰਡ ਅਧਿਕਾਰਤ ਤੌਰ ‘ਤੇ ਬਾਹਰ ਹੈ। ਐੱਨਐੱਸਓ ਦੇ 77ਵੇਂ ਗੇੜ ਦੇ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ 50% ਤੋਂ ਵੱਧ ਖੇਤੀਬਾੜੀ ਵਾਲੇ ਪਰਿਵਾਰ ਕਰਜ਼ੇ ਹੇਠ ਹਨ। ਹਨਨ ਮੌਲਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਿਸਾਨਾਂ ਦੇ ਕਰਜ਼ੇ ਵਿੱਚ 58% ਦਾ ਵਾਧਾ ਹੋਇਆ ਹੈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਸੰਬੋਧਨ ਕੀਤਾ।Source link