ਜਦੋਂ ਬਿਹਾਰ ਦੇ ਦੋ ਬੱਚੇ ਕਰੋੜਪਤੀ ਬਣੇ


ਪਟਨਾ, 16 ਸਤੰਬਰ

ਬਿਹਾਰ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਦੋ ਬੱਚਿਆਂ ਦੇ ਬੈਂਕ ਖ਼ਾਤਿਆਂ ‘ਚ ਕਰੋੜਾਂ ਰੁਪਏ ਜਮ੍ਹਾਂ ਹੋ ਗਏ। ਇਹ ਘਟਨਾ ਕਟਿਹਾਰ ਜ਼ਿਲ੍ਹੇ ‘ਚ ਵਾਪਰੀ ਜਿਥੋਂ ਦੇ ਛੇਵੀਂ ‘ਚ ਪੜ੍ਹਦੇ ਦੋ ਬੱਚਿਆਂ ਆਸ਼ੀਸ਼ ਕੁਮਾਰ ਅਤੇ ਗੁਰਚਰਨ ਬਿਸਵਾਸ ਦੇ ਬੈਂਕ ਖ਼ਾਤਿਆਂ ‘ਚ ਬੁੱਧਵਾਰ ਨੂੰ ਕ੍ਰਮਵਾਰ 6,20,11,100 ਅਤੇ 90,52,21,223 ਰੁਪਏ ਪੈ ਗਏ। ਇਨ੍ਹਾਂ ਬੱਚਿਆਂ ਦੇ ਉੱਤਰ ਬਿਹਾਰ ਗ੍ਰਾਮੀਣ ਬੈਂਕ ‘ਚ ਖ਼ਾਤੇ ਹਨ। ਕਟਿਹਾਰ ਦੇ ਜ਼ਿਲ੍ਹਾ ਮੈਜਿਸਟਰੇਟ ਉਦਯਨ ਮਿਸ਼ਰਾ ਨੇ ਵੀ ਦੋਵੇਂ ਬੱਚਿਆਂ ਦੇ ਖ਼ਾਤਿਆਂ ‘ਚ ਮੋਟੀ ਰਕਮ ਆਉਣ ਦੀ ਤਸਦੀਕ ਕੀਤੀ ਹੈ। ਉੱਤਰ ਬਿਹਾਰ ਗ੍ਰਾਮੀਣ ਬੈਂਕ ਦੇ ਐੱਲਡੀਐੱਮ ਐੱਮ ਕੇ ਮਧੁਕਰ ਨੇ ਦੱਸਿਆ,”ਸਾਨੂੰ ਜਿਵੇਂ ਹੀ ਬੱਚਿਆਂ ਦੇ ਖ਼ਾਤੇ ‘ਚ ਪੈਸੇ ਆਉਣ ਦਾ ਪਤਾ ਲੱਗਾ, ਅਸੀਂ ਖ਼ਾਤੇ ਨੂੰ ਜਾਮ ਕਰਕੇ ਉਸ ‘ਚੋਂ ਪੈਸੇ ਕਢਵਾਉਣ ‘ਤੇ ਰੋਕ ਲਗਾ ਦਿੱਤੀ। ਜਦੋਂ ਪੈਸਿਆਂ ਬਾਰੇ ਬੱਚਿਆਂ ਦੇ ਮਾਪਿਆਂ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਹ ਇੰਨੀ ਰਕਮ ਆਉਣ ਬਾਰੇ ਕੁਝ ਸਪੱਸ਼ਟ ਜਵਾਬ ਨਹੀਂ ਦੇ ਸਕੇ। ਅਸੀਂ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਰਕਮ ਕਿਸ ਨੇ ਬੱਚਿਆਂ ਦੇ ਖ਼ਾਤੇ ‘ਚ ਭੇਜੀ ਹੈ।”

‘ਮੈਂ ਪੈਸੇ ਨਹੀਂ ਮੋੜਨੇ, ਮੋਦੀ ਨੇ ਭੇਜੇ ਹਨ’

ਖਗੜੀਆ ਜ਼ਿਲ੍ਹੇ ਦੇ ਰਣਜੀਤ ਦਾਸ ਦੇ ਖ਼ਾਤੇ ‘ਚ ਸਾਢੇ 5 ਲੱਖ ਰੁਪਏ ਜਮ੍ਹਾਂ ਹੋਏ ਸਨ। ਦਾਸ ਨੇ ਉੱਤਰ ਬਿਹਾਰ ਗ੍ਰਾਮੀਣ ਬੈਂਕ ਨੂੰ ਇਹ ਪੈਸੇ ਮੋੜਨ ਤੋਂ ਜਵਾਬ ਦਿੰਦਿਆਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਨਾਗਰਿਕ ਦੇ ਬੈਂਕ ਖ਼ਾਤੇ ‘ਚ 15-15 ਲੱਖ ਰੁਪਏ ਜਮ੍ਹਾਂ ਕਰਾਉਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਇਹ ਪਹਿਲੀ ਕਿਸ਼ਤ ਮਿਲੀ ਹੈ। ਉਸ ਨੇ ਕਿਹਾ ਕਿ ਉਹ ਪੈਸੇ ਕਢਵਾ ਕੇ ਖ਼ਰਚ ਚੁੱਕਾ ਹੈ ਅਤੇ ਹੁਣ ਉਸ ਕੋਲ ਪੈਸੇ ਨਹੀਂ ਹਨ। ਜਦੋਂ ਉਸ ਨੇ ਪੈਸੇ ਨਾ ਮੋੜੇ ਤਾਂ ਬੈਂਕ ਦੇ ਅਧਿਕਾਰੀਆਂ ਨੇ ਦਾਸ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। -ਆਈਏਐਨਐਸSource link