ਹਰਸ਼ ਮੰਦਰ ਦੇ ਟਿਕਾਣਿਆਂ ਉੱਤੇ ਈਡੀ ਦੇ ਛਾਪੇ


ਨਵੀਂ ਦਿੱਲੀ, 16 ਸਤੰਬਰ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਮਨੀ ਲਾਂਡਰਿੰਗ ਦੀ ਜਾਂਚ ਸਬੰਧੀ ਮਨੁੱਖੀ ਅਧਿਕਾਰਾਂ ਸਬੰਧੀ ਕਾਰਕੁਨ ਤੇ ਸੇਵਾਮੁਕਤ ਆਈੲੇਐੱਸ ਅਫਸਰ ਹਰਸ਼ ਮੰਦਰ ਦੇ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਅੱਜ ਇੱਥੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਅਧੀਨ ਮੰਦਰ ਦੀ ਰਿਹਾਇਸ਼, ਦੱਖਣੀ ਦਿੱਲੀ ਦੇ ਵਸੰਤ ਕੁੰਜ, ਅਦਛੀਨੀ ਤੇ ਮਹਿਰੌਲੀ ਇਲਾਕਿਆਂ ਵਿੱਚ ਸਥਿਤ ਐੱਨਜੀਓ ਦਫ਼ਤਰਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਟੀਮਾਂ ਨੇ ਉਸ ਨਾਲ ਸਬੰਧਤ ਦੋ ਐੱਨਜੀਓਜ਼ ਦੇ ਵਿੱਤੀ ਅਤੇ ਬੈਂਕਿੰਗ ਦਸਤਾਵੇਜ਼ਾਂ ਦੀ ਘੋਖ ਕੀਤੀ। ਕਈ ਪੁਸਤਕਾਂ ਤੇ ਅਖ਼ਬਾਰ ਵਿੱਚ ਸੰਪਾਦਕੀ ਲੇਖ ਲਿਖਣ ਵਾਲੇ 66 ਵਰ੍ਹਿਆਂ ਦੇ ਮੰਦਰ ਵੀਰਵਾਰ ਨੂੰ ਤੜਕੇ ਹੀ ਆਪਣੀ ਪਤਨੀ ਨਾਲ ਜਰਮਨੀ ਚਲੇ ਗਏ। ਉੱਥੇ ਉਨ੍ਹਾਂ ਨੂੰ ਫੈਲੋਸ਼ਿਪ ਨਾਲ ਨਿਵਾਜਿਆ ਜਾਣਾ ਹੈ।

ਜ਼ਿਕਰਯੋਗ ਹੈ ਕਿ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਸਬੰਧੀ ਕਮਿਸ਼ਨ ਦੇ ਰਜਿਸਟਰਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਮੰਦਰ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ‘ਉਮੀਦ ਅਮਨ ਘਰ’ ਅਤੇ ‘ਖੁਸ਼ੀ ਰੇਨਬੋਅ ਹੋਮ’ ਵਿੱਚ ਨੇਮਾਂ ਦਾ ਉਲੰਘਣਾ ਹੋਣ ਦਾ ਦੋਸ਼ ਲਾਇਆ ਸੀ ਜਦੋਂ ਕਿ ਮੰਦਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ। -ਪੀਟੀਆਈSource link