ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਸਤੰਬਰ
ਸੂਬੇ ‘ਚ ਚੱਲ ਰਹੇ ਸਿਆਸੀ ਸੰਕਟ ਦੌਰਾਨ ਮੋਗਾ ਪੁਲੀਸ ਨੇ ਅੱਜ ਦਿਨ ਵੇਲੇ ਰੇਤ ਮਾਫ਼ੀਆ ਉੱਤੇ ਵੱਡੀ ਕਾਰਵਾਈ ਕਰਦਿਆਂ ਸਤਲੁਜ ਦਰਿਆ ‘ਚ ਪੁਲੀਸ ਟੀਮਾਂ ਨੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਖਣਨ ਤੇ ਸਰਕਾਰੀ ਟੈਕਸ ਦੀ ਚੋਰੀ ਦਾ ਪਰਦਾਫ਼ਾਸ ਕੀਤਾ ਹੈ। ਪੁਲੀਸ ਟੀਮਾਂ ਨੇ ਮੌਕੇ ਉੱਤੇ 8 ਮੁਲਜ਼ਮਾਂ ਨੂੰ ਕਾਬੂ ਕਰਕੇ ਰੇਤਾ ਨਾਲ ਭਰੇ 5 ਟਰੈਕਟਰ ਟਰਾਲੇ, 2 ਪੋਕਲੇਨ ਮਸ਼ੀਨਾਂ, ਜੇਸੀਬੀ, ਲੈਪਟੌਪ,ਪ੍ਰਿੰਟਰ ਸਣੇ 2 ਕਰੋੜ ਦੀ ਮਸ਼ੀਨਰੀ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਪੀ ਧਰੂਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਥਾਣਾ ਧਰਮਕੋਟ ਵਿਖੇ ਰਾਜ ਸਰਕਾਰ ਵੱਲੋਂ ਨਿਰਧਾਰਤ ਮਾਈਨਿੰਗ ਨਿਯਮ ਦੀ ਉਲੰਘਣਾ, ਗੈਰ ਕਾਨੂੰਨੀ ਖਨਣ ਅਤੇ ਸਰਕਾਰੀ ਟੈਕਸ ਚੋਰੀ ਕਰਨ ਦੇ ਜੁਰਮ ਤਹਿਤ ਮੁਲਜਮਾਂ ਖ਼ਿਲਾਫ਼ ਕੇਸ ਦਰਜ਼ ਕਰਕੇ 8 ਮੁਲਜ਼ਮਾਂ ਨੂੰ ਕਾਬੂ ਕਰਨ ਕਰੀਬ 2 ਕਰੋੜ ਕੀਮਤ ਦੀ ਮਸ਼ੀਨਰੀ ਵੀ ਕਬਜ਼ੇ ਵਿੱਚ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਐੱਸਪੀਡੀ ਜਗਪ੍ਰੀਤ ਸਿੰਘ, ਧਰਮਕੋਟ ਡੀਐਸਪੀ ਸੁਬੇਗ ਸਿੰਘ ਤੇ ਹੋਰ ਗਜਟਿਡ ਅਫਸਰ ਅਤੇ ਥਾਣਾ ਮੁਖੀਆਂ ਦੀਆਂ ਵੱਖ-ਵੱਖ ਟੀਮਾ ਬਣਾਕੇ ਛਾਪੇਮਾਰੀ ਕੀਤੀ ਗਈ ਹੈ।