ਜੈਪੁਰ, 19 ਸਤੰਬਰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਇਕ ਦਿਨ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੈਪਟਨ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਰਟੀ ਹਿੱਤਾਂ ਵਿੱਚ ਅਜਿਹਾ ਕੋਈ ਕੰਮ ਨਾ ਕਰਨ, ਜਿਸ ਨਾਲ ਪਾਰਟੀ ਨੂੰ ਢਾਹ ਲੱਗੇ। ਗਹਿਲੋਤ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਕੈਪਟਨ ਨੇ ਲੰਘੇ ਦਿਨ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪਣ ਮਗਰੋਂ ਪੱਤਰਕਾਰਾਂ ਅੱਗੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਹਾਲ ਦੀ ਘੜੀ ਸਾਰੇ ਬਦਲ ਖੁੱਲ੍ਹੇ ਰੱਖੇ ਹਨ। ਕੈਪਟਨ ਨੇ ਕਿਹਾ ਸੀ, ”ਜਿੱਥੋਂ ਤੱਕ ਮੇਰੀ ਭਵਿੱਖੀ ਸਿਆਸਤ ਦਾ ਸਵਾਲ ਹੈ, ਹਮੇਸ਼ਾ ਇਕ ਬਦਲ ਰੱਖਿਆ ਹੈ ਅਤੇ ਜਦੋਂ ਸਮਾਂ ਆਇਆ ਮੈਂ ਇਸ (ਬਦਲ) ਦੀ ਵਰਤੋਂ ਕਰਾਂਗਾ।” ਗਹਿਲੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਤਿਕਾਰਤ ਆਗੂ ਹਨ ਤੇ ਉਹ ਉਨ੍ਹਾਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੀ ‘ਅੰਦਰਲੀ ਆਵਾਜ਼’ ਸੁਣ ਕੇ ਪਾਰਟੀ ਹਿੱਤਾਂ ਨੂੰ ਮੂਹਰੇ ਰੱਖਣ। ਗਹਿਲੋਤ ਨੇ ਟਵਿੱਟਰ ‘ਤੇ ਜਾਰੀ ਬਿਆਨ ਵਿੱਚ ਕਿਹਾ, ”ਮੈਂ ਉਮੀਦ ਕਰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੀ ਕੋਈ ਪੇਸ਼ਕਦਮੀ ਨਹੀਂ ਕਰਨਗੇ ਜਿਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਪੁੱਜੇ। ਕੈਪਟਨ ਸਾਹਿਬ ਨੇ ਖੁ਼ਦ ਕਿਹਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਸਾਢੇ ਨੌਂ ਸਾਲ ਮੁੱਖ ਮੰਤਰੀ ਬਣਾਈ ਰੱਖਿਆ। ਉਨ੍ਹਾਂ ਆਪਣੀ ਸਮਰੱਥਾ ਮੁਤਾਬਕ ਕੰਮ ਕਰਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ।” ਗਹਿਲੋਤ ਨੇ ਕਿਹਾ, ”ਨਿੱਜੀ ਤੌਰ ‘ਤੇ ਮੈਂ ਇਹ ਮੰਨਦਾ ਹਾਂ ਕਿ ਕਾਂਗਰਸ ਪ੍ਰਧਾਨ ਨੂੰ ਮੁੱਖ ਮੰਤਰੀ ਦੀ ਚੋਣ ਮੌਕੇ ਉਨ੍ਹਾਂ ਸਾਰੇ ਆਗੂਆਂ ਦੀ ਨਾਰਾਜ਼ਗੀ ਸਹੇੜਨੀ ਪੈਂਦੀ ਹੈ, ਜੋ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੁੰਦੇ ਹਨ। ਹਾਲਾਂਕਿ ਜਦੋਂ ਉਸੇ ਮੁੱਖ ਮੰਤਰੀ ਨੂੰ ਬਦਲਿਆ ਜਾਂਦਾ ਹੈ ਤਾਂ ਉਹੀ ਵਿਅਕਤੀ ਇਸ ਫੈਸਲੇ ‘ਤੇ ਨਾਖ਼ੁਸ਼ੀ ਜ਼ਾਹਿਰ ਕਰਦਿਆਂ ਇਸ ਨੂੰ ਗ਼ਲਤ ਦੱਸਦਾ ਹੈ।” ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਾਈ ਕਮਾਂਡ ਨੂੰ ਕਈ ਵਾਰ ਵਿਧਾਇਕਾਂ ਤੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪਾਰਟੀ ਹਿੱਤਾਂ ਨੂੰ ਮੁੱਖ ਰੱਖਦਿਆਂ ਫੈਸਲੇ ਲੈਣੇ ਪੈਂਦੇ ਹਨ। ਗਹਿਲੋਤ ਨੇ ਕਿਹਾ ਕਿ ਹੁਣ ਸਮਾਂ ਹੈ ਜਦੋਂ ਨਿੱਜੀ ਮੁਫ਼ਾਦਾਂ ਤੋਂ ਉਪਰ ਉੱਠਦਿਆਂ ਦੇਸ਼ ਤੇ ਕਾਂਗਰਸ ਪਾਰਟੀ ਬਾਰੇ ਸੋਚਿਆ ਜਾਵੇ। -ਪੀਟੀਆਈ