ਆਤਿਸ਼ ਗੁਪਤਾ
ਚੰਡੀਗੜ੍ਹ, 19 ਸਤੰਬਰ
ਪੂਰੇ ਮੁਲਕ ਵਿੱਚ ਆਪਣੀ ਸਖ਼ਤੀ ਲਈ ਜਾਣੀ ਜਾਂਦੀ ਚੰਡੀਗੜ੍ਹ ਟਰੈਫਿਕ ਪੁਲੀਸ ਹੁਣ ਹੋਰ ਸਖ਼ਤੀ ਕਰਨ ਦੇ ਰੌਂਅ ਵਿੱਚ ਹੈ ਅਤੇ ਇਸ ਮਕਸਦ ਲਈ ਹੁਣ ਹੋਰ ਹਾਈਟੈੱਕ ਹੋਣ ਦੀ ਤਿਆਰੀ ‘ਚ ਹੈ। ਇਸ ਤਹਿਤ ਜਿੱਥੇ ਲਿਖਤੀ ਚਾਲਾਨ ‘ਤੇ ਰੋਕ ਲਾ ਕੇ ਆਨਲਾਈਨ ਜਾਂ ਏਟੀਐੱਮ ਮਸ਼ੀਨ ਰਾਹੀਂ ਚਲਾਨ ਕੀਤੇ ਜਾ ਰਹੇ ਹਨ, ਉੱਥੇ ਹੁਣ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸੀਸੀਟੀਵੀ ਕੈਮਰਿਆਂ ਰਾਹੀ ਨਜ਼ਰ ਰੱਖੀ ਜਾਵੇਗੀ। ਇਸ ਨਾਲ ਰਾਤ ਸਮੇਂ ਵੀ ਵਾਹਨਾਂ ‘ਤੇ ਟਰੈਫਿਕ ਪੁਲੀਸ ਵੱਲੋਂ ਪੂਰੀ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਸਕੇਗੀ। ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਈ-ਚਲਾਨ ਘਰ ਭੇਜੇ ਜਾਣਗੇ। ਚਲਾਨ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਘਰ ਪੁਲੀਸ ਮੁਲਾਜ਼ਮ ਭੇਜ ਕੇ ਚਲਾਨ ਦਾ ਭੁਗਤਾਨ ਵੀ ਕਰਵਾਉਣ ਲੱਗੀ ਹੈ।
ਚੰਡੀਗੜ੍ਹ ਦੇ ਵੱਖ-ਵੱਖ ਚੌਕਾਂ ਵਿੱਚ ਪਹਿਲਾਂ ਹੀ ਕੈਮਰੇ ਲੱਗੇ ਹੋਏ ਹਨ ਪਰ ਇਨ੍ਹਾਂ ਦੀ ਗਿਣਤੀ ਘੱਟ ਹੋਣ ਅਤੇ ਆਧੁਨਿਕ ਨਾ ਹੋਣ ਕਾਰਨ ਸਿਰਫ਼ ਦਿਨ ਵਿੱਚ ਹੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸੰਭਵ ਸੀ ਪਰ ਹੁਣ ਚੰਡੀਗੜ੍ਹ ਵਿੱਚ 600 ਨਵੇਂ ਹਾਈਟੈੱਕ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਦਰਜਨ-ਦਰਜਨ ਕੈਮਰੇ ਲਾਏ ਜਾ ਰਹੇ ਹਨ ਜਿਸ ਨਾਲ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਲਈ ਟਰੈਫ਼ਿਕ ਪੁਲੀਸ ਨੇ ਚੰਡੀਗੜ੍ਹ ਦੇ ਸੈਕਟਰ 29 ਸਥਿਤ ਟਰੈਫ਼ਿਕ ਲਾਈਨ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿੱਥੋਂ ਟਰੈਫਿਕ ਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਤਸਵੀਰ ਖਿੱਚ ਕੇ ਸਬੰਧਤ ਵਿਅਕਤੀਆਂ ਦੇ ਘਰ ਈ-ਚਾਲਾਨ ਭੇਜਿਆ ਜਾਵੇਗਾ।
ਟਰੈਫ਼ਿਕ ਪੁਲੀਸ ਨੇ ਸ਼ਹਿਰ ਵਿੱਚ ਵਾਹਨਾਂ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਸਪੀਡੋ ਮੀਟਰ ਨਾਲ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਨਾਲ ਤੈਅ ਕੀਤੀ ਰਫ਼ਤਾਰ ਤੋਂ ਤੇਜ਼ੀ ਨਾਲ ਵਾਹਨ ਚਲਾਉਣ ਵਾਲਿਆਂ ਦੇ ਈ-ਚਲਾਨ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ ਟਰੈਫ਼ਿਕ ਪੁਲੀਸ ਵੱਲੋਂ 200 ਏਟੀਐੱਮ ਚਲਾਨ ਮਸ਼ੀਨਾਂ ਰਾਹੀਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕੀਤੀ ਜਾਂਦੀ ਹੈ ਜਿਸ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰ ਕੇ ਘਟਨਾ ਵਾਲੀ ਥਾਂ ‘ਤੇ ਹੀ ਭੁਗਤਾਨ ਕਰਵਾਇਆ ਜਾਂਦਾ ਹੈ।
ਵਾਹਨ ਨੰਬਰ ਤੋਂ ਮਿਲ ਸਕੇਗੀ ਪੂਰੀ ਜਾਣਕਾਰੀ
ਸ਼ਹਿਰ ਵਿੱਚ ਲਾਏ ਜਾ ਰਹੇ ਇਨ੍ਹਾਂ ਹਾਈਟੈੱਕ ਕੈਮਰਿਆਂ ਰਾਹੀਂ ਵਾਹਨ ਨੰਬਰ ਦੀ ਸਾਫ਼ ਤਸਵੀਰ ਲਈ ਜਾ ਸਕੇਗੀ ਜਿਸ ਨਾਲ ਵਾਹਨ ਦੇ ਨੰਬਰ ਤੋਂ ਪ੍ਰਦੂਸ਼ਣ ਅਤੇ ਇੰਸ਼ੋਰੈਂਸ ਬਾਰੇ ਵੀ ਜਾਣਕਾਰੀ ਮਿਲ ਜਾਵੇਗੀ। ਜਿਨ੍ਹਾਂ ਵਾਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਵੇਗੀ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੈਮਰਿਆਂ ਨਾਲ ਲਾਲ ਬੱਤੀ ਦੀ ਉਲੰਘਣਾ, ਜੈਬਰਾ ਲਾਈਨ ਕ੍ਰਾਸ ਕਰਨ, ਸੀਟ ਬੈਲਟ ਅਤੇ ਹੈਲਮਟ ਨਾ ਲਗਾਉਣ ਆਦਿ ਸਬੰਧੀ ਵੀ ਚਲਾਨ ਕੀਤੇ ਜਾਣਗੇ।
ਪੁਲੀਸ ਨੇ ਸੀਸੀਟੀਵੀ ਕੈਮਰੇ ਸਿਰਫ਼ ਚਲਾਨ ਤੱਕ ਸੀਮਤ ਰੱਖੇ
ਚੰਡੀਗੜ੍ਹ ਪੁਲੀਸ ਵੱਲੋਂ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਕਰਵਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸ਼ਹਿਰ ਵਿੱਚ ਅਪਰਾਧਿਕ ਗਤੀਵੀਧੀਆਂ ਵਧਦੀਆਂ ਜਾ ਰਹੀਆਂ ਹਨ ਜਿਨ੍ਹਾਂ ‘ਤੇ ਨੱਥ ਪਾਉਣ ‘ਚ ਪੁਲੀਸ ਕਾਮਯਾਬ ਨਹੀਂ ਹੋ ਰਹੀ। ਜੇਕਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਕੈਮਰੇ ਲੱਗੇ ਹੋਏ ਹਨ ਤਾਂ ਅਪਰਾਧੀ ਨੂੰ ਫੜਨਾ ਬਹੁਤ ਸੌਖਾ ਹੈ, ਪਰ ਪੁਲੀਸ ਕੈਮਰਿਆਂ ਦੀ ਵਰਤੋਂ ਚਲਾਨ ਤੱਕ ਹੀ ਕਰ ਰਹੀ ਹੈ।