ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸੰਯੁਕਤ ਰਾਸ਼ਟਰ ਆਮ ਇਜਲਾਸ ਵਿਚ ਸੰਸਾਰ ਦੇ ਆਗੂਆਂ ਨੂੰ ਸੱਦਾ ਦੇਣਗੇ ਕਿ ਜਲਵਾਯੂ ਤਬਦੀਲੀ ਬਾਰੇ ‘ਠੋਸ ਕਦਮ’ ਚੁੱਕੇ ਜਾਣ। ਸੰਯੁਕਤ ਰਾਸ਼ਟਰ ਆਮ ਇਜਲਾਸ ਇਸੇ ਹਫ਼ਤੇ ਨਿਊਯਾਰਕ ਵਿਚ ਹੋਵੇਗਾ। ‘ਡਾਊਨਿੰਗ ਸਟ੍ਰੀਟ’ ਦੇ ਬੁਲਾਰੇ ਮੁਤਾਬਕ ਜੌਹਨਸਨ 100 ਦੇਸ਼ਾਂ ਦੇ ਮੁਖੀਆਂ, ਵਿਦੇਸ਼ ਮੰਤਰੀਆਂ ਦੇ ਕੂਟਨੀਤਕਾਂ ਦੀ ਹਾਜ਼ਰੀ ਵਿਚ ਸਾਲਾਨਾ ਆਮ ਇਜਲਾਸ ਨੂੰ ਸੰਬੋਧਨ ਕਰਨਗੇ। ਇਹ 21 ਤੋਂ 27 ਸਤੰਬਰ ਤੱਕ ਹੋਵੇਗਾ। ਪ੍ਰਧਾਨ ਮੰਤਰੀ ਜੌਹਨਸਨ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਵਾਈਟ ਹਾਊਸ ਵੀ ਜਾਣਗੇ। ਆਮ ਇਜਲਾਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ। ਨਵੰਬਰ ਵਿਚ ਗਲਾਸਗੋ ‘ਚ ਜਲਵਾਯੂ ਸਿਖ਼ਰ ਸੰਮੇਲਨ ਵੀ ਹੋਣ ਜਾ ਰਿਹਾ ਹੈ ਤੇ ਉਸ ਤੋਂ ਪਹਿਲਾਂ ਜਲਵਾਯੂ ਤਬਦੀਲੀ ਬਾਰੇ ਇਹ ਵਿਸ਼ਵ ਪੱਧਰ ਦਾ ਅਹਿਮ ਸੰਮੇਲਨ ਹੋਵੇਗਾ। -ਪੀਟੀਆਈ