ਕਾਹਿਰਾ, 20 ਸਤੰਬਰ
ਕੱਟੜਪੰਥੀ ਇਸਲਾਮਿਕ ਸਟੇਟ ਜਥੇਬੰਦੀ ਨੇ ਪੱਛਮੀ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਦੇ ਮੀਡੀਆ ਵਿੰਗ ਅਮਾਕ ਨਿਊਜ਼ ਏਜੰਸੀ ‘ਤੇ ਐਤਵਾਰ ਦੇਰ ਰਾਤ ਪ੍ਰਕਾਸ਼ਿਤ ਦਾਅਵਾ ਤਾਲਿਬਾਨ ਲਈ ਉਸ ਦੀ ਲੰਮੇ ਸਮੇਂ ਤੋਂ ਵਿਰੋਧੀ ਦਹਿਸ਼ਤਗਰਦ ਜਥੇਬੰਦੀ ਵੱਲੋਂ ਵਧਦੇ ਖ਼ਤਰੇ ਦਾ ਸੰਕੇਤ ਹੈ। ਅਫ਼ਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ, ਜਿੱਥੇ ਆਈਐੱਸ ਮਜ਼ਬੂਤ ਸਥਿਤੀ ਵਿੱਚ ਹੈ, ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਹੋਏ ਬੰਬ ਧਮਾਕਿਆਂ ਵਿੱਚ ਤਾਲਿਬਾਨ ਲੜਾਕਿਆਂ ਸਣੇ ਘੱਟੋ-ਘੱਟ ਅੱਠ ਜਣੇ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਮਗਰੋਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਤਾਲਿਬਾਨ ਨੂੰ ਵਿੱਤੀ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ੲੇਪੀ