ਹਰ ਆਮ ਆਦਮੀ ਅੱਜ ਤੋਂ ਮੁੱਖ ਮੰਤਰੀ: ਚੰਨੀ

ਹਰ ਆਮ ਆਦਮੀ ਅੱਜ ਤੋਂ ਮੁੱਖ ਮੰਤਰੀ: ਚੰਨੀ


ਚਰਨਜੀਤ ਭੁੱਲਰ

ਚੰਡੀਗੜ੍ਹ, 20 ਸਤੰਬਰ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪਹਿਲੇ ਦਿਨ ਹੀ ਅਫਸਰਾਂ ਦੀ ਸਰਦਾਰੀ ਪੁੱਗਣ ਦਾ ਸੁਨੇਹਾ ਦਿੱਤਾ| ਅਮਰਿੰਦਰ ਸਿੰਘ ਦੇ ਰਾਜ ਭਾਗ ਦੌਰਾਨ ਨੌਕਰਸ਼ਾਹੀ ਦੇ ਜੰਮੇ ਹੋਏ ਪੈਰ ਅੱਜ ਉਖੜਦੇ ਜਾਪਣ ਲੱਗੇ| ਅਮਰਿੰਦਰ ਸਿੰਘ ਦੇ ਨੇੜਲੇ ਅਫਸਰਾਂ ਦੇ ਦਫਤਰਾਂ ਅੱਗਿਓਂ ਅੱਜ ਨਾਮ ਦੀਆਂ ਤਖ਼ਤੀਆਂ ਉੱਤਰ ਗਈਆਂ ਹਨ| ਪਿਛਲੇ ਕਾਫੀ ਅਰਸੇ ਤੋਂ ਵਿਧਾਇਕਾਂ ਤੇ ਵਜ਼ੀਰਾਂ ਦੀ ਇੱਕੋ ਸ਼ਿਕਾਇਤ ਭਾਰੂ ਰਹੀ ਹੈ ਕਿ ਅਫਸਰ ਸੁਣਦੇ ਨਹੀਂ ਹਨ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਇਹ ਫੈਸਲਾ ਕੀਤਾ ਕਿ ਅਫ਼ਸਰੀ ਰਾਜ ਦਾ ਕਿਧਰੇ ਕੋਈ ਪ੍ਰਭਾਵ ਨਹੀਂ ਜਾਣਾ ਚਾਹੀਦਾ ਹੈ ਤੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਦਫਤਰਾਂ ਵਿਚ ਇੱਜ਼ਤ ਮਾਣ ਮਿਲਣਾ ਚਾਹੀਦਾ ਹੈ। ਪ੍ਰਸੋਨਲ ਵਿਭਾਗ ਨੇ ਅੱਜ ਮੁੱਖ ਮੰਤਰੀ ਦੇ ਹੁਕਮਾਂ ‘ਤੇ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਮੂਹ ਅਧਿਕਾਰੀ ਤੇ ਮੁਲਾਜ਼ਮ ਆਪੋ ਆਪਣੇ ਦਫਤਰਾਂ ਵਿਚ ਸਮੇਂ ਸਿਰ ਸਵੇਰ 9 ਵਜੇ ਹਾਜ਼ਰ ਹੋਣਾ ਯਕੀਨੀ ਬਣਾਉਣਗੇ। ਅਧਿਕਾਰੀਆਂ ਨੂੰ ਕੰਮ ਕਾਜ ਵਿਚ ਪਾਰਦਰਸ਼ਤਾ ਲਿਆਉਣ ਲਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਕਿਹਾ ਗਿਆ ਹੈ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਹਦਾਇਤ ਕੀਤੀ ਹੈ ਕਿ ਸਰਕਾਰੀ ਅਧਿਕਾਰੀ ਹੁਣ ਕੈਂਪ ਦਫਤਰਾਂ ਤੋਂ ਕੰਮ ਨਹੀਂ ਕਰਨਗੇ। ਉਹ ਆਪਣੇ ਸਰਕਾਰੀ ਦਫਤਰਾਂ ਵਿਚ ਹਾਜ਼ਰ ਰਹਿਣਗੇ। ਆਉਂਦੇ ਦਿਨਾਂ ਵਿਚ ਵੱਡੀ ਪੱਧਰ ‘ਤੇ ਪ੍ਰਸ਼ਾਸਕੀ ਫੇਰ-ਬਦਲ ਹੋਣਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਪਹਿਲੇ ਦਿਨ ਦਫਤਰ ਵਿਚ ਪੁੱਜੇ ਅਤੇ ਅੱਜ ਸਿਵਲ ਸਕੱਤਰੇਤ ਦੇ ਰੰਗ-ਢੰਗ ਵੀ ਬਦਲੇ ਹੋਏ ਸਨ। ਕਈ ਦਫਤਰਾਂ ਅੱਗੇ ਤਖਤੀਆਂ ਉਤਰੀਆਂ ਹੋਈਆਂ ਸਨ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਪਲੇਠੀ ਪ੍ਰੈਸ ਵਾਰਤਾ ਵਿਚ ਵੀ ਸਾਫ ਕਰ ਦਿੱਤਾ ਕਿ ਗਰੀਬ ਤੇ ਲੋੜਵੰਦ ਹੁਣ ਸਰਕਾਰੀ ਦਫਤਰਾਂ ਵਿਚ ਖੱਜਲ ਨਹੀਂ ਹੋਣਗੇ। ਭਿ੍ਸ਼ਟਾਚਾਰ ਅਫਸਰਾਂ ਨੂੰ ਵੀ ਉਨ੍ਹਾਂ ਸਪੱਸ਼ਟ ਸੁਨੇਹਾ ਦਿੱਤਾ। ਮੁੱਖ ਮੰਤਰੀ ਹੁਣ ਆਪਣੀ ਅਫਸਰਾਂ ਦੀ ਟੀਮ ਤਿਆਰ ਕਰਨਗੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਮੁੱੱਖ ਮੰਤਰੀ ਨੂੰ ਮਿਲਣਾ ਆਸਾਨ ਹੋਵੇਗਾ। ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਚੁਣੇ ਹੋਏ ਪ੍ਰਤੀਨਿਧਾਂ ਦੀ ਲੰਘੇ ਸਾਢੇ ਚਾਰ ਵਰ੍ਹੇ ਜੋ ਮੁੱਖ ਮੰਤਰੀ ਦੇ ਨਾ ਮਿਲਣ ਦੀ ਸ਼ਿਕਾਇਤ ਰਹੀ ਹੈ, ਉਸ ਨੂੰ ਚਰਨਜੀਤ ਚੰਨੀ ਦੂਰ ਕਰਨਗੇ। ਇਸੇ ਕਰਕੇ ਚੰਨੀ ਨੇ ਕਿਹਾ ਕਿ ਹੁਣ ਆਮ ਆਦਮੀ ਦੀ ਸਰਕਾਰ ਹੈ ਅਤੇ ਹਰ ਆਮ ਆਦਮੀ ਆਪਣੇ ਆਪ ਨੂੰ ਅੱਜ ਤੋਂ ਮੁੱਖ ਮੰਤਰੀ ਸਮਝੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿਵਲ ਸਕੱਤਰੇਤ ਵਿਚ ਪਹਿਲਾਂ ਮੁੱਖ ਮੰਤਰੀ ਵੱਲੋਂ ਨਾ ਬੈਠਣ ਕਰਕੇ ਅਧਿਕਾਰੀ ਵੀ ਸਕੱਤਰੇਤ ਵਿਚ ਘੱਟ ਹੀ ਗੇੜਾ ਮਾਰਦੇ ਸਨ। ਹੁਣ ਅਫਸਰਾਂ ਦੀ ਹਾਜ਼ਰੀ ਵੀ ਸਕੱਤਰੇਤ ਵਿਚ ਵਧਣ ਦੀ ਸੰਭਾਵਨਾ ਹੈ। ਉਧਰ, ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਹਿਲੇ ਦਿਨ ਅਜਿਹੇ ਹੀ ਫੈਸਲੇ ਲਏ ਸਨ।

ਸਿਆਸਤ ਨੂੰ ਨਵਾਂ ਰਾਹ ਦਿਖਾਇਆ : ਜਾਖੜ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ ਕਿ ਹਾਈਕਮਾਨ ਨੇ ਪੰਜਾਬ ਦੀ ਸਿਆਸਤ ਨੂੰ ਨਵਾਂ ਰਸਤਾ ਦਿਖਾਇਆ ਹੈ। ਹਾਈਕਮਾਨ ਨੇ ਅਜਿਹੇ ਵਿਅਕਤੀ ਨੂੰ ਵੱਡਾ ਮੌਕਾ ਦਿੱਤਾ ਹੈ ਜੋ ਕਿ ਗਰੀਬ ਪਰਿਵਾਰ ‘ਚੋਂ ਉੱਠਿਆ ਹੈ। ਸੁਨੀਲ ਜਾਖੜ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਧਾਈ ਵੀ ਦਿੱਤੀ ਹੈ।

ਫਾਰਮ ਹਾਊਸ ਉਡੀਕ ਰਿਹਾ ਹੈ…

ਵਕਤ ਦਾ ਰੰਗ ਦੇਖੋ ਕਿ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਵਿਧਾਇਕ ਤੇ ਵਜ਼ੀਰ ਸਿਸਵਾਂ ਫਾਰਮ ਹਾਊਸ ਦੇ ਬੂਹੇ ‘ਤੇ ਖੜ੍ਹੇ ਰਹਿੰਦੇ ਸਨ, ਅੱਜ ਸੱਤਾ ਖੁਸਣ ਮਗਰੋਂ ਅਮਰਿੰਦਰ ਸਿੰਘ ਨੇ ਬੂਹੇ ਖੋਲ੍ਹ ਲਏ ਹਨ ਪਰ ਹੁਣ ਉਨ੍ਹਾਂ ਦੇ ਬੂਹੇ ਤੋਂ ਭੀੜਾਂ ਗਾਇਬ ਹਨ। ਅੱਜ ਮੁੱਖ ਮੰਤਰੀ ਦੇ ਨੇੜਲੇ ਦਰਜਨ ਕੁ ਵਿਧਾਇਕ ਤਾਂ ਚਰਨਜੀਤ ਚੰਨੀ ਦੇ ਸਹੁੰ ਚੁੱਕ ਸਮਾਗਮ ਮਗਰੋਂ ਸਿਸਵਾਂ ਫਾਰਮ ਹਾਊਸ ‘ਤੇ ਪੁੱਜੇ ਹੋਏ ਸਨ ਪਰ ਜੋ ਕਦੇ ਉਨ੍ਹਾਂ ਦਾ ਪਰਛਾਵਾਂ ਬਣ ਕੇ ਚੱਲਦੇ ਸਨ, ਉਹ ਕਿਧਰੇ ਨਜ਼ਰ ਨਹੀਂ ਪਏ।

ਗੁਰੂ ਗੋਬਿੰਦ ਸਿੰਘ ਕਾਲਜ ਦੇ ਸਾਬਕਾ ਵਿਦਿਆਰਥੀ ਨੇ ਚੰਨੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ 1984 ਵਿਚ ਕਾਲਜ ਤੋਂ ਆਰਟਸ ਵਿਚ ਗਰੈਜੂਏਸ਼ਨ ਕੀਤੀ। ਕਾਲਜ ਪ੍ਰਿੰਸੀਪਲ ਨਵਜੋਤ ਕੌਰ ਨੇ ਚੰਨੀ ਦੀ ਨਿਯੁਕਤੀ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਚੰਨੀ ਨੇ ਐਨਸੀਸੀ, ਐਨਐਸਐਸ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਉਹ ਕਾਲਜ ਭੰਗੜਾ ਟੀਮ ਦੇ ਮੈਂਬਰ ਸਨ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਸ੍ਰੀ ਚੰਨੀ ਕਾਲਜ ਵੇਲੇ ਦੇ ਦਿਨਾਂ ਵੇਲੇ ਵੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਸਲਾਹ ਦਿੱਤੀ।

ਦਲਿਤਾਂ ਦੇ ਗੜ੍ਹ ਮੰਨੇ ਜਾਂਦੇ ਦੋਆਬੇ ‘ਚ ਖ਼ੁਸ਼ੀ ਦੀ ਲਹਿਰ

ਜਲੰਧਰ (ਪਾਲ ਸਿੰਘ ਨੌਲੀ): ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ‘ਤੇ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਤੇ ਖਾਸ ਕਰਕੇ ਦਲਿਤਾਂ ਦੇ ਗੜ੍ਹ ਸਮਝੇ ਜਾਂਦੇ ਦੋਆਬੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜੀ. ਮੋਹਨ ਲਾਲ ਸੂਦ ਨੇ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵਿੱਚ ਕਿਸੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ। ਗੜ੍ਹਸ਼ੰਕਰ ਵਿਚ ਲੋਕਾਂ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਮੌਕੇ ਰਾਤ ਨੂੰ ਹੀ ਢੋਲ-ਢਮੱਕੇ ‘ਤੇ ਭੰਗੜੇ ਪਾਏ।

ਚੰਨੀ ਦੇ ਜੱਦੀ ਪਿੰਡ ਭਜੌਲੀ ਵਾਸੀਆਂ ਨੂੰ ਵੱਡੀਆਂ ਉਮੀਦਾਂ

ਕੁਰਾਲੀ (ਮਿਹਰ ਸਿੰਘ): ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਉਨ੍ਹਾਂ ਦੇ ਜੱਦੀ ਪਿੰਡ ਭਜੌਲੀ ਦੇ ਲੋਕ ਬਾਗ਼ੋਬਾਗ਼ ਹਨ। ਪਿੰਡ ਵਾਸੀਆਂ ਹਰਨੇਕ ਸਿੰਘ, ਸਰਬਜੀਤ ਕੌਰ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਚੰਨੀ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਉੱਠ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੋਂ ਉਨ੍ਹਾਂ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਚੰਨੀ ਸਾਧਾਰਨ ਜਿਹੇ ਮਿਹਨਤਕਸ਼ ਪਰਿਵਾਰ ‘ਚੋਂ ਉੱਠ ਕੇ ਮੁੱਖ ਮੰਤਰੀ ਬਣੇ ਹਨ, ਉਸੇ ਤਰ੍ਹਾਂ ਉਹ ਸਰਕਾਰ ਦੇ ਬਚੇ ਥੋੜ੍ਹੇ ਜਿਹੇ ਸਮੇਂ ਵਿੱਚ ਪੰਜਾਬ ਵਾਸੀਆਂ ਦੀਆਂ ਉਮੀਦਾਂ ‘ਤੇ ਵੀ ਖਰੇ ਉਤਰਨਗੇ।



Source link