ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ


ਹਰਜੀਤ ਸਿੰਘ ਪਰਮਾਰ

ਬਟਾਲਾ, 23 ਸਤੰਬਰ

ਬਟਾਲਾ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਬਟਾਲਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਾਂਝੇ ਤੌਰ ‘ਤੇ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੀ ਅਗਵਾਈ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ, ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਮੇਸ਼ ਨਈਅਰ ਅਤੇ ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਇੰਚਾਰਜ ਵਿਜੇ ਤ੍ਰੇਹਨ ਵੱਲੋਂ ਕੀਤੀ ਗਈ। ਇਸ ਮੌਕੇ ਮੁਜ਼ਾਹਰਾਕਾਰੀ ਨੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਜੋ ਸਥਾਨਕ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗਾਂਧੀ ਚੌਕ ਪੁੱਜਾ ਜਿੱਥੇ ਮੁਜ਼ਾਹਰਾਕਾਰੀਆਂ ਨੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਅਤੇ ਪਿਛਲੇ ਦਿਨੀਂ ਲੰਘੇ ਬਾਬੇ ਦੇ ਵਿਆਹ ਪੁਰਬ ਵਾਲੇ ਦਿਨ ਬਟਾਲਾ ਨੂੰ ਪੂਰਨ ਜ਼ਿਲ੍ਹਾ ਨਾ ਐਲਾਨੇ ਜਾਣ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਬੁਲਾਰਿਆਂ ਨੇ ਕਿਹਾ ਕਿ ਕਿ ਹੁਣ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਪ ਮੁੱਖ ਮੰਤਰੀ ਬਣਨ ਨਾਲ ਬਟਾਲਾ ਦੇ ਜ਼ਿਲ੍ਹਾ ਬਣਨ ਦੀ ਆਸ ਬੱਝੀ ਹੈ। ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬਟਾਲਾ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਪੂਰਨ ਜ਼ਿਲ੍ਹਾ ਐਲਾਨਿਆ ਜਾਵੇ ਤਾਂ ਜੋ ਬਟਾਲਾ ਵਾਸੀਆਂ ਦੀ ਬਹੁਤ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਸਕੇ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਸੂਰਜ ਸ਼ਰਮਾ ਬਟਾਲਾ ਸਿਟੀ ਪ੍ਰਧਾਨ, ਜੱਸ ਦਾਲਮ, ਭਗਵੰਤ ਸਿੰਘ, ਪ੍ਰਭ ਬਟਾਲਾ, ਹਰਭਜਨ ਕੌਰ, ਬਾਬਾ ਕਰਨੈਲ ਸਿੰਘ, ਕੁਲਦੀਪ ਸਿੰਘ ਹਰਦੋਵਾਲ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।Source link