ਇੰਫੋੋਸਿਸ ਵੱਲੋਂ ਵਿਕਸਤ ਆਮਦਨ ਕਰ ਪੋਰਟਲ ’ਚ ਅਜੇ ਵੀ ਖਾਮੀਆਂ


ਨਵੀਂ ਦਿੱਲੀ: ਆਈਟੀ ਪ੍ਰਮੁੱਖ ਇੰਫੋਸਿਸ ਨੇ ਆਮਦਨ ਕਰ ਪੋਰਟਲ ਵਿੱਚ ਅਜੇ ਵੀ ਕੁਝ ਖਾਮੀਆਂ ਹੋਣ ਦੀ ਗੱਲ ਕਬੂਲੀ ਹੈ। ਇੰਫੋਸਿਸ ਨੇ ਕਿਹਾ ਕਿ ਕੁਝ ਉਪਭੋਗਤਾਵਾਂ ਨੂੰ ਆਮਦਨ ਕਰ ਪੋਰਟਲ ‘ਤੇ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਆਈਟੀ ਪ੍ਰਮੁੱਖ ਨੇ ਭਰੋਸਾ ਦਿੱਤਾ ਕਿ ਆਮਦਨ ਕਰ ਵਿਭਾਗ ਦੇ ਸਹਿਯੋਗ ਨਾਲ ਪੋਰਟਲ ਦੀਆਂ ਖ਼ਾਮੀਆਂ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਜਾਰੀ ਹੈ। ਕਾਬਿਲੇਗੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੰਫੋਸਿਸ ਨੂੰ ਆਈਟੀ ਪੋਰਟਲ ਵਿੱਚ ਆਈਆਂ ਤਕਨੀਕੀ ਖਾਮੀਆਂ ਦੂਰ ਕਰਨ ਲਈ 15 ਸਤੰਬਰ ਤੱਕ ਦੀ ਡੈੱਡਲਾਈਨ ਦਿੱਤੀ ਸੀ। ਇਸ ਦੌਰਾਨ ਇੰਫੋਸਿਸ ਨੇ ਇਹ ਵੀ ਕਿਹਾ ਕਿ ਨਵੇਂ ਆਮਦਨ ਕਰ ਈ-ਫਾਈਲਿੰਗ ਪੋਰਟਲ ਬਾਰੇ ਫ਼ਿਕਰਾਂ ਨੂੰ ਸਮਝਣ ਲਈ ਉਸ ਵੱਲੋਂ ਕਰਦਾਤਿਆਂ ਨਾਲ ਸਿੱਧਾ ਰਾਬਤਾ ਕੀਤਾ ਜਾ ਰਿਹਾ ਹੈ। ਨਵਾਂ ਆਮਦਨ ਕਰ ਪੋਰਟਲ ਤਿਆਰ ਕਰਨ ਵਾਲੇ ਇੰਫੋਸਿਸ ਨੇ ਕਿਹਾ ਕਿ ਪੋਰਟਲ ਵਿੱਚ ਪਏ ਨੁਕਸ ਨੂੰ ਦੂਰ ਕਰਨ ਲਈ ‘ਲਗਾਤਾਰ ਕੋਸ਼ਿਸ਼ਾਂ’ ਜਾਰੀ ਹਨ। ਇਹ ਨਵਾਂ ਪੋਰਟਲ ਜੂਨ ਵਿੱਚ ਚਾਲੂ ਕੀਤਾ ਗਿਆ ਸੀ। ਆਈਟੀ ਪ੍ਰਮੁੱਖ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੋਰਟਲ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ ਤੇ ਕਰਦਾਤਿਆਂ ਦੇ ਫ਼ਿਕਰਾਂ ਨੂੰ ਲਗਾਤਾਰ ਮੁਖਾਤਿਬ ਹੋਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਨਵੇਂ ਪੋਰਟਲ ਦੀ ਵਰਤੋਂ ਕਰਨ ਵਾਲੇ ਕਰਦਾਤਿਆਂ ਨੇ ਦਾਅਵਾ ਕੀਤਾ ਸੀ ਕਿ ਪੋਰਟਲ ‘ਚ ਲਗਾਤਾਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਉਧਰ ਫਰਮ ਨੇ ਦਾਅਵਾ ਕੀਤਾ ਕਿ ਸਤੰਬਰ ਮਹੀਨੇ ਦੌਰਾਨ ਰੋਜ਼ਾਨਾ ਔਸਤ 15 ਲੱਖ ਤੋਂ ਵੱਧ ਕਰਦਾਤਿਆਂ ਨੇ ਪੋਰਟਲ ‘ਤੇ ਲੌਗਇਨ ਕੀਤਾ ਹੈ ਤੇ ਹੁਣ ਤੱਕ ਡੇਢ ਕਰੋੜ ਰਿਟਰਨਾਂ ਪੋਰਟਲ ਰਾਹੀਂ ਭਰੀਆਂ ਜਾ ਚੁੱਕੀਆਂ ਹਨ। -ਏਜੰਸੀ



Source link