ਸਿਓਲ, 24 ਸਤੰਬਰ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਦੀ ਭੈਣ ਨੇ ਅੱਜ ਕਿਹਾ ਕਿ ਜੇਕਰ ਦੱਖਣੀ ਕੋਰੀਆ ਉਨ੍ਹਾਂ ਦੇ ਦੇਸ਼ ਨੂੰ ਦੁਸ਼ਮਣੀ ਵਾਲੀਆਂ ਨੀਤੀਆਂ ਅਤੇ ਦੋਹਰੇ ਮਾਪਦੰਡਾਂ ਨਾਲ ਭੜਕਾਉਣਾ ਛੱਡ ਦੇਵੇ ਤਾਂ ਉੱਤਰੀ ਕੋਰੀਆ ਉਨ੍ਹਾਂ ਨਾਲ ਫਿਰ ਗੱਲਬਾਤ ਕਰਨ ਲਈ ਤਿਆਰ ਹੈ।
ਕਿਮ ਯੋ ਜੋਂਗ ਨੇ ਇਹ ਬਿਆਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਵੱਲੋਂ ਸ਼ਾਂਤੀ ਬਹਾਲੀ ਲਈ ਇਸੇ ਹਫ਼ਤੇ 1950-53 ਦੀ ਕੋਰਿਆਈ ਜੰਗ ਖਤਮ ਕਰਨ ਦਾ ਐਲਾਨ ਕਰਨ ਲਈ ਦੁਬਾਰਾ ਸੱਦਾ ਦਿੱਤੇ ਜਾਣ ਦੇ ਜਵਾਬ ‘ਚ ਦਿੱਤਾ ਹੈ। ਕਿਮ ਨੇ ਇਹ ਤਜਵੀਜ਼ ਅਜਿਹੇ ਸਮੇਂ ਪੇਸ਼ ਕੀਤੀ ਹੈ ਜਦੋਂ ਕੁਝ ਦਿਨ ਪਹਿਲਾਂ ਉੱਤਰੀ ਕੋਰੀਆ ਵੱਲੋਂ ਛੇ ਮਹੀਨੇ ਬਾਅਦ ਪਹਿਲੀ ਮਿਜ਼ਾਈਲ ਅਜ਼ਮਾਇਸ਼ ਕੀਤੀ ਗਈ ਅਤੇ ਦੱਖਣੀ ਕੋਰੀਆ ਨੇ ਵੀ ਪਣਡੁੱਬੀ ਤੋਂ ਨਿਸ਼ਾਨਾ ਫੁੰਡਣ ਵਾਲੀ ਇੱਕ ਮਿਜ਼ਾਈਲ ਦਾ ਪਹਿਲਾ ਪ੍ਰੀਖਣ ਕੀਤਾ ਸੀ। ਕਿਮ ਯੋ ਜੋਂਗ ਨੇ ਕਿਹਾ, ‘ਜੇਕਰ (ਦੱਖਣੀ) ਕੋਰੀਆ ਆਪਣਾ ਉਹ ਇਤਿਹਾਸ ਛੱਡ ਦਿੰਦਾ ਹੈ, ਜਦੋਂ ਉਸ ਨੇ ਸਾਨੂੰ ਭੜਕਾਇਆ ਸੀ ਅਤੇ ਦੋਹਰੇ ਮਾਪਦੰਡਾਂ ਨਾਲ ਹਰ ਕਦਮ ‘ਤੇ ਸਾਡੀ ਆਲੋਚਨਾ ਕੀਤੀ ਸੀ। ਜਾਂ ਉਹ ਆਪਣੇ ਬੋਲਾਂ ਅਤੇ ਕੰਮਾਂ ਵਿੱਚ ਸਚਾਈ ਲਿਆਉਂਦਾ ਅਤੇ ਸਾਡੇ ਖ਼ਿਲਾਫ਼ ਦੁਸ਼ਮਣੀ ਛੱਡਦਾ ਹੈ ਤਾਂ ਅਸੀਂ ਸਬੰਧਾਂ ਨੂੰ ਬਹਾਲ ਕਰਨ ਅਤੇ ਅੱਗੇ ਵਧਾਉਣ ਬਾਰੇ ਸਾਰਥਕ ਗੱਲਬਾਤ ਕਰਨ ਲਈ ਤਿਆਰ ਹਾਂ।’ ਉਨ੍ਹਾਂ ਕਿਹਾ, ‘ਜੰਗ ਖਤਮ ਹੋਣ ਦਾ ਐਲਾਨ ਕਰਨ ਲਈ ਸਾਨੂੰ ਇੱਕ-ਦੂਜੇ ਪ੍ਰਤੀ ਸਨਮਾਨ ਯਕੀਨੀ ਬਣਾਉਣਾ ਪਵੇਗਾ ਅਤੇ ਪੁਰਾਣੇ ਵਿਚਾਰਾਂ, ਦੁਸ਼ਮਣੀ ਵਾਲੀਆਂ ਨੀਤੀਆਂ ਅਤੇ ਅਢੁੱਕਵੇਂ ਦੋਹਰੇ ਮਾਪਦੰਡਾਂ ਨੂੰ ਛੱਡਣਾ ਪਵੇਗਾ।’ -ਏਪੀ