ਪਰਸ਼ੋਤਮ ਬੱਲੀ
ਬਰਨਾਲਾ, 26 ਸਤੰਬਰ
‘ਸ਼ਹੀਦ ਭਗਤ ਸਿੰਘ 114ਵੇਂ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੀ ਜਾ ਰਹੀ ‘ਸਾਮਰਾਜ ਵਿਰੋਧੀ ਕਾਨਫਰੰਸ’ ਵਿੱਚ ਹੋ ਰਿਹਾ ਲੱਖਾਂ ਦਾ ਇਕੱਠ ਸ਼ਹੀਦ ਭਗਤ ਸਿੰਘ ਦੇ ਸੁਪਨੇ ‘ਕਿਰਤੀਆਂ ਦੀ ਪੁਗਤ ਵਾਲੇ ਰਾਜ’ ਦੀ ਸਥਾਪਤੀ ਤੱਕ ਜੂਝਣ ਦਾ ਅਹਿਦ ਲਵੇਗਾ।’ ਇਹ ਐਲਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇੱਥੇ ਕਾਨਫਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜਣ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਲਾਮਿਸਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ‘ਤੇ ਚੱਲ ਕੇ ਹੀ ਕਿਸਾਨਾਂ ਮਜ਼ਦੂਰਾਂ ਦੀ ਪੁੱਗਤ ਤੇ ਖੁਸ਼ਹਾਲੀ ਦੇ ਰਾਹ ਅੱਗੇ ਵਧਿਆ ਜਾ ਸਕਦਾ ਹੈ ਅਤੇ ਜਾਤਾਂ, ਧਰਮਾਂ ਤੇ ਫਿਰਕਿਆਂ ਆਦਿ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਤੇ ਤਿੱਖੇ ਜਮਾਤੀ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਕਰਨਾ ਅਣਸਰਦੀ ਲੋੜ ਹੈ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੀਤੀ ਜਾ ਰਹੀ ਇਸ ਕਾਨਫਰੰਸ ‘ਚ ਔਰਤਾਂ, ਖੇਤ ਮਜ਼ਦੂਰ, ਨੌਜਵਾਨ ਵਿਦਿਆਰਥੀ, ਅਧਿਆਪਕ ਤੇ ਵੱਖ-ਵੱਖ ਵੰਨਗੀਆਂ ਦੇ ਠੇਕਾ ਮੁਲਾਜ਼ਮਾਂ ਤੋਂ ਇਲਾਵਾ ਹੋਰਨਾਂ ਵਰਗਾਂ ਕਰੀਬ 2 ਲੱਖ ਤੋਂ ਜ਼ਿਆਦਾ ਲੋਕ ਸ਼ਮੂਲੀਅਤ ਕਰਨਗੇ। 27 ਦੇ ਭਾਰਤ ਬੰਦ ਦੀ ਸਫਲਤਾ ਲਈ ਵੀ ਉਹਨਾਂ ਦੀ ਜਥੇਬੰਦੀ ਪੂਰੀ ਤਾਕਤ ਨਾਲ ਸ਼ਾਮਲ ਹੋਵੇਗੀ।
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਗਤ ਸਿੰਘ ਛੰਨਾ ਤੇ ਜਰਨੈਲ ਸਿੰਘ ਬਦਰਾ ਵੀ ਮੌਜੂਦ ਸਨ। ਕਾਨਫਰੰਸ ਮੌਕੇ ਪਲਸ ਮੰਚ ਵੱਲੋਂ ‘ਭਗਤ ਸਿੰਘ ਦੇ ਬੋਲ’ ਕੋਰੀਓਗ੍ਰਾਫੀ ਸਤਪਾਲ ਪਟਿਆਲਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੀ ਜਾਵੇਗੀ। ਪਲਸ ਮੰਚ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦੀ ਤਿਆਰੀ ਲਈ 2 ਰੋਜ਼ਾ ਵਰਕਸ਼ਾਪ ਵੀ ਕਲਾਕਾਰਾਂ ਦੀ ਲਗਾਈ ਗਈ ਹੈ। 28 ਸਤੰਬਰ ਨੂੰ ਸਵੇਰੇ 11 ਵਜੇ ਇਹ ਸੂਬਾਈ ਕਾਨਫਰੰਸ ਸ਼ੁਰੂ ਹੋਵੇਗੀ ਤੇ 5 ਵਜੇ ਸਮਾਪਤ। 15 ਸੌ ਤੋਂ ਵੱਧ ਟੈਂਟ ਲਗਾ ਕੇ ਕਰੀਬ ਸਾਢੇ ਤਿੰਨ ਲੱਖ ਵਰਗ ਫੁੱਟ ਏਰੀਆ ਕਵਰ ਕੀਤਾ ਗਿਆ ਹੈ। ਔਰਤਾਂ ਲਈ ਅਲੱਗ ਪਖਾਨਿਆਂ ਦਾ ਪ੍ਰਬੰਧ ਹੋਵੇਗਾ। 5 ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਕਾਨਫਰੰਸ ਲਈ ਤਿਆਰ ਤਿੰਨਾਂ ਗੇਟਾਂ ‘ਤੇ ਚਾਹ ਵਗੈਰਾ ਦਾ ਲੰਗਰ ਲਗਾਇਆ ਜਾਵੇਗਾ। ਪਾਣੀ ਦੀਆਂ 18 ਟੈਂਕੀਆਂ ਖੜੀਆਂ ਕੀਤੀਆਂ ਜਾਣਗੀਆਂ ।