ਬੈਨਰਜੀ ਦੀ ਗਲੀ ਵਿੱਚ ਪ੍ਰਚਾਰ ਕਰਨ ਤੋਂ ਰੋਕਣ ’ਤੇ ਬਿਸਵਾਸ ਪੁਲੀਸ ਨਾਲ ਖਹਿਬੜੇ


ਕੋਲਕਾਤਾ, 26 ਸਤੰਬਰ

ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ਵੱਲ ਜਾਂਦੀ ਸੜਕ ‘ਤੇ ਪ੍ਰਚਾਰ ਕਰਨ ਤੋਂ ਰੋਕਣ ‘ਤੇ ਐਤਵਾਰ ਨੂੰ ਭਬਾਨੀਪੁਰ ਜ਼ਿਮਨੀ ਚੋਣ ਲਈ ਸੀਪੀਆਈ (ਐੱਮ) ਦੇ ਉਮੀਦਵਾਰ ਸ੍ਰੀਜੀਬ ਬਿਸਵਾਸ ਪੁਲੀਸ ਨਾਲ ਉਲਝ ਪਏ। ਬਿਸਵਾਸ ਨਾਲ ਮੌਜੂਦ ਸੀਨੀਅਰ ਸੀਪੀਆਈ (ਐੱਮ) ਆਗੂ ਸੁਜਨ ਚੱਕਰਵਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਲਾਕੇ ਦੇ ਵੋਟਰਾਂ ਵਿੱਚ ਪ੍ਰਚਾਰ ਕਰਨ ਦਾ ਹੱਕ ਹੈ ਪਰ ਪੁਲੀਸ ਵੱਲੋਂ ਉਨ੍ਹਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਰੋਕਿਆ ਗਿਆ। ਚੱਕਰਵਰਤੀ ਨੇ ਕਿਹਾ ਕਿ ਮਮਤਾ ਬੈਨਰਜੀ ਡਰੀ ਹੋਈ ਹੈ, ਇਸ ਲਈ ਹਰੀਸ਼ ਚੈਟਰਜੀ ਗਲੀ ਵਿੱਚ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਬਾਅਦ ਵਿੱਚ ਸੀਪੀਆਈ (ਐੱਮ) ਉਮੀਦਵਾਰ ਬਿਸਵਾਸ, ਚੱਕਰਵਤੀ ਅਤੇ ਤਿੰਨ ਹੋਰਨਾਂ ਨੂੰ ਹਰੀਸ਼ ਚੈਟਰਜੀ ਗਲੀ ਵਿੱਚ ਪ੍ਰਚਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ। ਜ਼ਿਮਨੀ ਚੋਣ ਵਿੱਚ ਬੈਨਰਜੀ, ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਹੈ। -ਪੀਟੀਆਈ

ਭਾਜਪਾ ਦੇ ਹੱਕ ਵਿੱਚ ਜ਼ਮੀਨ ਤਿਆਰ: ਤਿਵਾੜੀ

ਕੋਲਕਾਤਾ (ਪੀਟੀਆਈ): ਅਦਾਕਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਬਣੇ ਮਨੋਜ ਤਿਵਾੜੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਭਬਾਨੀਪੁਰ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਭਗਵਾ ਪਾਰਟੀ ਦੇ ਹੱਕ ਵਿੱਚ ਮੈਦਾਨ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸ ਸੀਟ ਤੋਂ ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਹੈ। ਦੂਜੇ ਪਾਸੇ ਸੱਤਾਧਾਰੀ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ, ਆਪਣੀ ਉਮੀਦਵਾਰ ਪ੍ਰਿਯੰਕਾ ਟਿਬਰੇਵਾਲ ਦੇ ਹੱਕ ਵਿੱਚ ਪ੍ਰਚਾਰ ਲਈ ਅਜਿਹੇ ਆਗੂ ਲਿਆ ਰਹੀ ਹੈ ਜਿਨ੍ਹਾਂ ਦਾ ਵਿਧਾਨ ਸਭਾ ਹਲਕੇ ਨਾਲ ਕੋਈ ਸਬੰਧ ਨਹੀਂ ਹੈ। ਲੋਕ ਸਭਾ ਵਿੱਚ ਉਤਰ-ਪੂਰਬੀ ਦਿੱਲੀ ਦੀ ਪ੍ਰਤੀਨਿਧਤਾ ਕਰਨ ਵਾਲੇ ਤਿਵਾੜੀ ਭਬਾਨੀਪੁਰ ਦੀ ਅੰਬੇਡਕਰ ਕਲੋਨੀ ਵਿੱਚ ਘਰ-ਘਰ ਪ੍ਰਚਾਰ ਲਈ ਗਏ ਸਨ। ਉਨ੍ਹਾਂ ਟਵੀਟ ਕੀਤਾ,’ਅੰਬੇਡਕਰ ਕਲੋਨੀ ਦੇ ਲੋਕਾਂ ਤੋਂ ਬਹੁਤ ਮੋਹ ਮਿਲਿਆ। ਸਮਰਥਨ ਦੇਖ ਕੇ ਟੀਐੱਮਸੀ ਘਬਰਾ ਗਈ ਹੈ…ਲੋਕ ਬੇਸਬਰੀ ਨਾਲ 30 ਸਤੰਬਰ ਦੀ ਉਡੀਕ ਕਰ ਰਹੇ ਹਨ…ਕਮਲ ਖਿੜੇਗਾ।’Source link