ਲਹਿਰਾਗਾਗਾ: ਸਰਕਾਰੀ ਹੁਕਮ ਤੋਂ ਬੇਖ਼ਬਰ ਕਿਸਾਨਾਂ ਨੇ ਝੋਨਾ ਮੰਡੀਆਂ ’ਚ ਲਿਆਂਦਾ ਪਰ ਖ਼ਰੀਦਦਾਰ ਕੋਈ ਨਹੀਂ


ਰਮੇਸ਼ ਭਾਰਦਵਾਜ

ਲਹਿਰਾਗਾਗਾ, 1 ਅਕਤੂਬਰ

ਝੋਨਾ ਪਹਿਲੀ ਦੀ ਬਜਾਏ 11 ਅਕਤੂਬਰ ਨੂੰ ਖਰੀਦਣ ਦੇ ਹੁਕਮਾਂ ਕਰਕੇ ਝੋਨੇ ਦੀ ਪੱਕ ਕੇ ਤਿਆਰ ਹੋਈ ਫਸਲ ਮੀਂਹ ਦੇ ਡਰੋਂ ਕਿਸਾਨ ਅੱਜ ਅਨਾਜ ਮੰਡੀ ‘ਚ ਵੇਚਣ ਲਈ ਲਿਆਏ ਹਨ ਪਰ ਹੁਣ ਅਨਾਜ ਮੰਡੀ ‘ਚ ਉਨ੍ਹਾਂ ਨੂੰ ਦਸ ਦਿਨ ਬੈਠਕੇ ਝੋਨੇ ਦੀ ਦਿਨ ਰਾਤ ਰਾਖੀ ਕਰਨੀ ਪਵੇਗੀ। ਅੱਜ ਪਿੰਡ ਭੁਟਾਲ ਕਲਾਂ ਦੇ ਸ਼ੇਰਾ ਸਿੰਘ ਤੇ ਮੇਜਰ ਸਿੰਘ ਸਣੇ ਕਈ ਕਿਸਾਨ ਪੀਆਰ ਝੋਨੇ ਦੀ ਪੰਜ ਛੇ ਟਰਾਲੀਆਂ ਆੜ੍ਹਤੀ ਦੀ ਦੁਕਾਨ ‘ਤੇ ਲਿਆਏ ਪਰ ਆੜ੍ਹਤੀਏ ਨੇ ਬੋਲੀ ਤੋਂ ਹੱਥ ਖੜ੍ਹੇ ਕਰ ਦਿੱਤੇ। ਦੱਸਣਯੋਗ ਹੈ ਕਿ ਬਾਸਮਤੀ ਦਾ ਝੋਨਾ ਪ੍ਰਾਈਵੇਟ ਵਪਾਰੀਆਂ ਵੱਲੋਂ ਖ੍ਰੀਦਣ ਕਰਕੇ ਤੁਰੰਤ ਬੋਲੀ ਹੋ ਜਾਂਦੀ ਹੈ ਪਰ ਪਰਮਲ ਝੋਨਾ ਵੇਚਣ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਗਹਿਲੀ ਕਰਕੇ ਉਹ ਪੁਰਾਣੇ ਹੁਕਮਾਂ ਅਨੁਸਾਰ ਪੱਕ ਕੇ ਤਿਆਰ ਸੁੱਕੀ ਫਸਲ ਲੈਕੇ ਮੰਡੀ ‘ਚ ਆਏ ਹਨ ਪਰ ਝੋਨਾ ਨੂੰ ਵਾਪਸ ਚੁੱਕ ਕੇ ਘਰ ‘ਚ ਨਹੀਂ ਰੱਖ ਸਕਦੇ। ਆੜ੍ਹਤੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਦਾ ਪ੍ਰਬੰਧ ਕਰਨੇ ਚਾਹੀਦੇ ਸਨ ਕਿਉਂਕਿ ਨਮੀਂ ਵੱਧਣ ਕਰਕੇ ਇਹ ਘਰਾਂ ‘ਚ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਜ ਤੱਕ ਆੜ੍ਹਤੀਆਂ ਕੋਲ ਬਾਰਦਾਨਾ ਵੀ ਨਹੀਂ ਪਹੁੰਚਿਆ। ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ ਆਉਣ ਮਗਰੋਂ 11 ਅਕਤੂਬਰ ਤੋਂ ਖਰੀਦ ਦੇ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਹੋ ਚੁੱਕੀਆਂ ਹਨ ਪਰ ਸ਼ੈਲਰਾਂ ਦੀ ਅਲਾਟਮੈਂਟ ਬਾਰੇ ਕੋਈ ਜਾਣਕਾਰੀ ਨਹੀਂ ਮਿੱਲੀ। ਉਧਰ ਕਮੇਟੀ ਨੇ ਸੋਮਵਾਰ ਨੂੰ ਖਰੀਦ ਅਧਿਕਾਰੀਆਂ, ਸ਼ੈਲਰ, ਟਰੱਕ ਯੂਨੀਅਨ ਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਬੁਲਾਈ ਹੈ।



Source link