ਸਿੱਖ ਭਾਈਚਾਰੇ ’ਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ: ਲਾਲਪੁਰਾ


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 2 ਅਕਤੂਬਰ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਭਾਈਚਾਰੇ ‘ਚ ਵਧ ਰਹੀ ਬੇਰੁਜ਼ਗਾਰੀ ਦੀ ਦਰ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਨੌਜਵਾਨਾਂ ਨੂੰ ਕੇਂਦਰ ਵੱਲੋਂ ਘੱਟ ਗਿਣਤੀ ਭਾਈਚਾਰੇ ਲਈ ਸਿੱਖਿਆ, ਰੁਜ਼ਗਾਰ ਤੇ ਹੁਨਰਮੰਦ ਸਿੱਖਿਆ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਆ। ਉਨ੍ਹਾਂ ਇਸ ਨਿਯੁਕਤੀ ਤੋਂ ਬਾਅਦ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।

ਜ਼ਿਲ੍ਹਾ ਅਧਿਕਾਰੀਆਂ ਨਾਲ ਅੱਜ ਕੀਤੀ ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਅੰਕੜੇ ਦੱਸਦੇ ਹਨ ਕਿ ਦੇਸ਼ ਦੀ ਸਮੁੱਚੀ ਬੇਰੁਜ਼ਗਾਰੀ ਦਰ 4.6 ਫ਼ੀਸਦ ਹੈ, ਜਦਕਿ ਸਿੱਖਾਂ ਵਿੱਚ ਇਹ ਦਰ 6.4 ਫ਼ੀਸਦ ‘ਤੇ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵੀ ਇਸੇ ਕਾਰਨ ਵੱਧ ਹੈ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਅਧਿਕਾਰੀਆਂ, ਚੀਫ਼ ਖਾਲਸਾ ਦੀਵਾਨ ਤੇ ਖਾਲਸਾ ਕਾਲਜ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਘੱਟੋ ਗਿਣਤੀ ਭਾਈਚਾਰੇ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਸਿੱਖ ਭਾਈਚਾਰੇ ਨੂੰ ਦਿਵਾਉਣ। ਇਸ ਮੌਕੇ ਸ੍ਰੀ ਭੂਰਾਕੋਹਨਾ ਨੇ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਨੂੰ ਇਮਤਿਹਾਨ ਹਾਲ ਵਿੱਚੋਂ ਬਾਹਰ ਰਖਵਾਉਣ ਅਤੇ ਪੱਗਾਂ ਦੀ ਤਲਾਸ਼ੀ ਲੈਣ ਵਰਗੇ ਗੰਭੀਰ ਮੁੱਦੇ ਜ਼ੋਰ ਨਾਲ ਉਠਾਏ। ਇਸ ਮੌਕੇ ਸ੍ਰੀ ਲਾਲਪੁਰਾ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਸਖ਼ਤੀ ਨਾਲ ਰੋਕਣ ਦਾ ਭਰੋਸਾ ਦਿੱਤਾ।Source link