ਸੰਜੀਵ ਬੱਬੀ
ਚਮਕੌਰ ਸਾਹਿਬ, 3 ਅਕਤੂਬਰ
ਚਮਕੌਰ ਸਾਹਿਬ-ਬੇਲਾ ਸੜਕ ਉੱਤੇ ਸਥਿਤ ਸਕਿੱਲ ਇੰਸਟੀਚਿਊਟ ਕੋਲ ਮੋਟਰਸਾਈਕਲ ਤੇ ਕਾਰ ਦੀ ਹੋਈ ਟੱਕਰ ਕਾਰਨ ਮਾਂ ਤੇ ਪੁੱਤਰ ਦੀ ਮੌਤ ਹੋ ਗਈ ਜਦੋਂ ਕਿ ਦੋ ਲੜਕੀਆਂ ਜ਼ਖ਼ਮੀ ਹੋ ਗਈਆਂ ਹਨ। ਸੁਖਵਿੰਦਰ ਸਿੰਘ (30) ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੁੰਡੀਆਂ ਆਪਣੀ ਮਾਤਾ ਮਨਜੀਤ ਕੌਰ (55) ਸਣੇ ਆਪਣੀਆਂ ਲੜਕੀਆਂ ਹਰਸਿਮਰਨ ਕੌਰ (7) ਅਤੇ ਜਪਜੀਤ ਕੌਰ (2) ਨਾਲ ਨਵੇਂ ਮੋਟਰਸਾਈਕਲ ਉਤੇ ਕਸਬਾ ਬੇਲਾ ਤੋਂ ਆਪਣੇ ਪਿੰਡ ਵੱਲ ਆ ਰਿਹਾ ਸੀ। ਇਸ ਦੌਰਾਨ ਕਾਰ ਨੰਬਰ ਪੀਬੀ08ਸੀਜੇ-3774 ਨਾਲ ਟੱਕਰ ਹੋ ਗਈ, ਜਿਸ ਕਾਰਨ ਉਹ ਚਾਰੋਂ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇੱਥੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੋਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਰੂਪਨਗਰ ਭੇਜ ਦਿੱਤਾ ਗਿਆ। ਜ਼ਖ਼ਮੀਆਂ ਵਿੱਚੋਂ ਸੁਖਵਿੰਦਰ ਸਿੰਘ ਦੀ ਰੂਪਨਗਰ ਜਾਂਦੇ ਹੋਏ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਤਾ ਮਨਜੀਤ ਕੌਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜ਼ਖ਼ਮੀ ਲੜਕੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲੀਸ ਨੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਪਿੰਡ ਬਸੀ ਗੁੱਜਰਾਂ ਨੇੜੇ ਸੜਕ ਉੱਤੇ ਖੜ੍ਹੇ ਟਰੈਕਟਰ-ਟਰਾਲੀ ਵਿੱਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੁਰੂ ਨਾਨਕ ਐਨਕਲੇਵ, ਲੁਧਿਆਣਾ ਵਜੋਂ ਹੋਈ। ਤੀਜੇ ਹਾਦਸੇ ਦੌਰਾਨ ਪਿੰਡ ਕੀੜੀ ਅਫਗਾਨਾਂ ਨੇੜੇ ਮੋਟਰਸਾਈਕਲ ਤੋਂ ਡਿੱਗ ਕੇ ਇੱਕ ਔਰਤ ਦੀ ਮੌਤ ਹੋ ਗਈ।