ਨਵੀਂ ਦਿੱਲੀ, 3 ਅਕਤੂਬਰ
ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਨੇ ਅੱਜ ਕਿਹਾ ਕਿ ਭਾਰਤ ਤੇ ਜਰਮਨੀ ਅਫ਼ਗਾਨਿਸਤਾਨ ਨਾਲ ਜੁੜੇ ਮੁੱਦਿਆਂ ਉਤੇ ਪਹਿਲਾਂ ਹੀ ਇਕਸੁਰ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਇਸ ਮਾਮਲੇ ‘ਤੇ ਆਉਣ ਵਾਲੇ ਸਮੇਂ ਵਿਚ ਨੇੜਿਓਂ ਤਾਲਮੇਲ ਕਰਨਗੇ। ਲਿੰਡਨਰ ਨੇ ਕਿਹਾ ਕਿ ਭਾਰਤ ਦੀ ਭੂਮਿਕਾ ਅਫ਼ਗਾਨਿਸਤਾਨ ਵਿਚ ਅਹਿਮ ਹੈ। ਇਹ ਇੱਥੇ ਕਈ ਵਿਕਾਸ ਪ੍ਰਾਜੈਕਟ ਚਲਾ ਰਿਹਾ ਹੈ ਤੇ ਜਰਮਨੀ ਵੀ ਪਿਛਲੇ 20 ਸਾਲਾਂ ਤੋਂ ਸਰਗਰਮ ਹੈ। ਇਸ ਤਰ੍ਹਾਂ ਦੋਵੇਂ ਮੁਲਕ ਕਈ ਇਕੋ ਜਿਹੇ ਸਿਧਾਂਤਾਂ ਨੂੰ ਮੰਨਦੇ ਹਨ। ਜਰਮਨੀ ਦੇ ਰਲੇਵੇਂ ਦੀ 31ਵੀਂ ਵਰ੍ਹੇਗੰਢ ਮੌਕੇ ਰਾਜਦੂਤ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਅਫ਼ਗਾਨਿਸਤਾਨ ਵਿਚ ਪਿਛਲੀ ਸਰਕਾਰ ਦਾ ਸਮਰਥਨ ਕੀਤਾ ਸੀ, ਇਸ ਸਰਕਾਰ ਲਈ ਹਰ ਰਾਹ ਤਿਆਰ ਕੀਤਾ ਗਿਆ ਤਾਂ ਕਿ ਸਥਿਤੀ ਸੁਧਰ ਸਕੇ। ਖਾਸ ਕਰ ਕੇ ਔਰਤਾਂ ਨੂੰ ਕਈ ਹੱਕ ਦਿਵਾਏ ਗਏ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਤਾਲਿਬਾਨ ਵੱਲੋਂ ਐਨੀ ਛੇਤੀ ਕਬਜ਼ਾ ਕੀਤੇ ਜਾਣ ਤੋਂ ਹੈਰਾਨ ਹੈ। ਰਾਜਦੂਤ ਨੇ ਕਿਹਾ ਕਿ ਭਾਰਤ ਤੇ ਜਰਮਨੀ ਭਵਿੱਖ ਵਿਚ ਆਰਥਿਕ, ਵਾਤਾਵਰਨ ਸੁਰੱਖਿਆ, ਸਾਫ਼-ਸੁਥਰੀ ਊਰਜਾ, ਵਿਗਿਆਨ ਤੇ ਤਕਨੀਕੀ ਖੇਤਰ ਵਿਚ ਤਾਲਮੇਲ ਵਧਾਉਣਗੇ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਭਾਰਤ ਵੀ ਸੰਨ 2050 ਤੱਕ ਕਾਰਬਨ ਨਿਕਾਸੀ ਦੇ ਮਾਮਲੇ ਵਿਚ ਬਿਹਤਰ ਨਤੀਜੇ ਦੇਵੇ। ਜਲਵਾਯੂ ਤਬਦੀਲੀ ਰੋਕਣ ਲਈ ਇਹ ਜ਼ਰੂਰੀ ਹੈ। -ਪੀਟੀਆਈ
ਕਾਬੁਲ: ਮਸਜਿਦ ਨੇੜੇ ਬੰਬ ਧਮਾਕੇ ‘ਚ ਕਈ ਮੌਤਾਂ
ਕਾਬੁਲ: ਤਾਲਿਬਾਨ ਦੇ ਬੁਲਾਰੇ ਮੁਤਾਬਕ ਕਾਬੁਲ ਦੀ ਇਕ ਮਸਜਿਦ ਦੇ ਗੇਟ ਉਤੇ ਹੋਏ ਬੰਬ ਧਮਾਕੇ ਵਿਚ ਕਈ ਨਾਗਰਿਕ ਮਾਰੇ ਗਏ ਹਨ। ਬੰਬ ਨਾਲ ਕਾਬੁਲ ਦੀ ਈਦਗਾਹ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਦੀ ਮਾਂ ਦੀ ਯਾਦ ਵਿਚ ਕੁਝ ਰਸਮਾਂ ਕੀਤੀਆਂ ਜਾ ਰਹੀਆਂ ਸਨ। ਕਾਬੁਲ ਦੇ ਇਕ ਹਸਪਤਾਲ ਮੁਤਾਬਕ ਹੁਣ ਤੱਕ ਚਾਰ ਫੱਟੜ ਉਨ੍ਹਾਂ ਕੋਲ ਆਏ ਹਨ। ਮਸਜਿਦ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਤਾਲਿਬਾਨ ਨੇ ਘੇਰ ਲਿਆ ਹੈ ਤੇ ਸੁਰੱਖਿਆ ਕਰੜੀ ਕੀਤੀ ਗਈ ਹੈ। ਹਾਲੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਅਗਸਤ ਦੇ ਅੱਧ ਤੋਂ ਜਦ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ, ਇਸਲਾਮਿਕ ਸਟੇਟ ਦੇ ਹਮਲੇ ਵਧ ਗਏ ਹਨ। ਆਈਐੱਸ ਦੀ ਨਾਂਗਰਹਾਰ ਸੂਬੇ ਵਿਚ ਕਾਫ਼ੀ ਮੌਜੂਦਗੀ ਹੈ ਤੇ ਉਹ ਤਾਲਿਬਾਨ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਕਾਬੁਲ ਵਿਚ ਹਾਲੇ ਤੱਕ ਐਨੇ ਹਮਲੇ ਨਹੀਂ ਸਨ ਹੋਏ ਪਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਸਲਾਮਿਕ ਸਟੇਟ ਦੇ ਹਮਲੇ ਕਾਫ਼ੀ ਵਧ ਗਏ ਹਨ। –ਏਪੀ