ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੰਦਿਆਂ ਕੇਂਦਰ ਤੇ ਯੂਪੀ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਖਿ਼ਲਾਫ਼ ਕਾਰਵਾਈ ਦੀ ਮੰਗ ਕੀਤੀ। ਕਿਸਾਨਾਂ ਨੇ ਏਡੀਸੀ ਸ੍ਰੀਮਤੀ ਕੋਮਲ ਮਿੱਤਲ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਿਸਾਨਾਂ ਦੇ ਧਰਨੇ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜ੍ਹੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਪੁਆਧ ਕਿਸਾਨ ਸਭਾ ਦੇ ਕਾਰਕੁਨ ਪਰਵਿੰਦਰ ਸਿੰਘ ਸੋਹਾਣਾ, ਕਿਸਾਨ ਯੂਨੀਅਨ (ਲੱਖੋਵਾਲ) ਦੇ ਸੀਨੀਅਰ ਆਗੂ ਨਛੱਤਰ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ ਨੇ ਮੰਗ ਕੀਤੀ ਕਿ ਸਮੁੱਚੇ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਵਿਸ਼ੇਸ਼ ਸਿੱਟ ਦਾ ਗਠਨ ਕਰ ਕੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਹਿੰਸਾ ਭੜਕਾਉਣ ਲਈ ਉਕਸਾਉਣ ਦੇ ਦੋਸ਼ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਤੁਰੰਤ ਅਹੁਦੇ ਤੋਂ ਲਾਂਭੇ ਕੀਤਾ ਜਾਵੇ।
ਬਨੂੜ (ਕਰਮਜੀਤ ਸਿੰਘ ਚਿੱਲਾ): ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਖ਼ਿਲਾਫ਼ ਬੰਨੋ ਮਾਈ ਚੌਕ ਅਤੇ ਅਜ਼ੀਜ਼ਪੁਰ ਟੌਲ ਪਲਾਜ਼ਾ ‘ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਪੀ ਦੇ ਮੁਖੀ ਮੰਤਰੀ ਯੋਗੀ ਦਾ ਪੁਤਲਾ ਸਾੜਿਆ। ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਰਾਸ਼ਟਰਪਤੀ ਕੋਲੋਂ ਯੂਪੀ ਦੀ ਯੋਗੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਬੰਨੋ ਮਾਈ ਚੌਕ ਵਿੱਚ ਕਿਸਾਨ ਸਭਾ ਦੇ ਆਗੂਆਂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਪ੍ਰੇਮ ਸਿੰਘ ਘੜਾਮਾਂ, ਸੱਤਪਾਲ ਸਿੰਘ ਰਾਜੋਮਾਜਰਾ, ਮਾਸਟਰ ਨਰਿੰਦਰ ਕੁਮਾਰ, ਗੁਰਦੇਵ ਸਿੰਘ ਬਨੂੜ, ਸਾਬਕਾ ਫੌਜੀਆਂ ਦੀ ਯੂਨੀਅਨ ਦੇ ਆਗੂ ਪ੍ਰੇਮ ਸਿੰਘ ਦੀ ਅਗਵਾਈ ਹੇਠ ਮੋਦੀ ਤੇ ਯੋਗੀ ਦਾ ਪੁਤਲਾ ਫੂਕਿਆ। ਇਸ ਮੌਕੇ ਅਜ਼ੀਜ਼ਪੁਰ ਟੌਲ ਪਲਾਜ਼ਾ ‘ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਿਰਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਮਾਸਟਰ ਕੁਲਦੀਪ ਸਿੰਘ ਕੁਰੜੀ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਚੜੂਨੀ ਗਰੁੱਪ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੱਤਾ ਖਲੌਰ ਆਦਿ ਦੀ ਅਗਵਾਈ ਹੇਠ ਮੋਦੀ ਤੇ ਯੋਗੀ ਦਾ ਪੁਤਲਾ ਸਾੜਿਆ ਗਿਆ।
ਪੰਜਾਬੀਆਂ ਦੇ ਯੂਪੀ ਜਾਣ ‘ਤੇ ਪਾਬੰਦੀ ਨਾਦਰਸ਼ਾਹੀ ਫਰਮਾਨ: ਪੰਜੋਲੀ
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ‘ਲਖੀਮਪੁਰ ਵਿੱਚ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਗੱਡੀ ਚੜ੍ਹਾਉਣਾ ਜ਼ੁਲਮ ਦੀ ਇੰਤਾ ਹੈ।’ ਇਹ ਗੱਲ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਖਦਿਆਂ ਭਾਜਪਾ ਉੱਤੇ ਦੋਸ਼ ਲਗਾਇਆ ਕੇ ਉਸ ਨੇ ਕਾਨੂੰਨ ਆਪਣੇ ਹੱਥਾਂ ਵਿੱਚ ਲਿਆ ਹੈ ਜੋ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਕਿਸਾਨਾਂ ਦੇ ਸਸਕਾਰ ‘ਤੇ ਜਾਣ ਲਈ ਰੋਕਣ ਲਈ ਜਾਰੀ ਕੀਤਾ ਗਿਆ ਫਰਮਾਨ ਵੀ ਨਾਦਰਸ਼ਾਹੀ ਫਰਮਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਜ਼ੁਲਮ ਨੂੰ ਰੋਕਣ ਲਈ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ।
ਯੂਪੀ ਸਰਕਾਰ ਭੰਗ ਕੀਤੀ ਜਾਵੇ: ਬਡਹੇੜੀ
ਐਸ.ਏ.ਐਸ. ਨਗਰ (ਮੁਹਾਲੀ): ਆਲ ਇੰਡੀਆ ਜੱਟ ਮਹਾ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਮੰਦਭਾਗੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਸ ਹਾਦਸੇ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤਾਂ ਜੋ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਹੁਣ ਯੂਪੀ ਸਰਕਾਰ ਨੇ ਲਖੀਮਪੁਰ ਖੀਰੀ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਹੈ ਅਤੇ ਧਾਰਾ 144 ਲਾਗੂ ਕਰ ਦਿੱਤੀ ਹੈ। ਕਿਸੇ ਵੀ ਪੰਜਾਬੀ ਕਿਸਾਨ ਤੇ ਕਿਸੇ ਹੋਰ ਵਿਅਕਤੀ ਨੂੰ ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਜੋ ਸਰਾਸਰ ਤਾਨਾਸ਼ਾਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੰਦਭਾਗੀ ਘਟਨਾ ਦਾ ਨੋਟਿਸ ਲੈਣ ਅਤੇ ਉਕਤ ਮੰਤਰੀ ਨੂੰ ਕੇਂਦਰੀ ਮੰਤਰੀ ਮੰਡਲ ‘ਚੋਂ ਤੁਰੰਤ ਬਾਹਰ ਕੱਢਣ ਦੀ ਕਾਰਵਾਈ ਕਰਨ।