ਸਿੱਖਿਆ ਸਣੇ ਸਾਰੇ ਖੇਤਰਾਂ ਵਿੱਚ ਘੁਸਪੈਠ ਕਰ ਰਹੀ ਹੈ ਆਰਐੱਸਐੱਸ: ਖੜਗੇ


ਬੰਗਲੌਰ, 6 ਅਕਤੂਬਰ

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਸਿੱਖਿਆ ਸਣੇ ਸਾਰੇ ਖੇਤਰਾਂ ਵਿੱਚ ਘੁਸਪੈਠ ਕਰ ਰਹੀ ਹੈ। ਇਸ ਸੰਗਠਨ ਦੇ ਵਿਰੁੱਧ ਆਪਣੀ ਲੰਬੀ ਲੜਾਈ ਦੀ ਕੀਮਤ ਉਨ੍ਹਾਂ ਨੂੰ 2019 ਦੀਆਂ ਸੰਸਦੀ ਚੋਣਾਂ ਵਿੱਚ ਆਪਣੀ ਲੋਕ ਸਭਾ ਸੀਟ ਗੁਆ ਕੇ ਚੁਕਾਉਣੀ ਪਈ। ਲਖੀਮਪੁਰ ਖੀਰੀ ਘਟਨਾ ਦੇ ਮਾਮਲੇ ਵਿੱਚ ਖੜਗੇ ਨੇ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਅਤੇ ਹਿਰਾਸਤ ਵਿੱਚ ਲਏ ਗਏ ਵਿਰੋਧੀ ਧਿਰ ਦੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਖੜਗੇ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ”ਉਹ (ਆਰਐੱਸਐੱਸ ਵਾਲੇ) ਹਰ ਖੇਤਰ ਵਿੱਚ ਘੁਸਪੈਠ ਕਰ ਰਹੇ ਹਨ, ਸਿੱਖਿਆ ਵਿੱਚ ਵੀ ਉਹ ਆ ਰਹੇ ਹਨ। ਕਈ ਅਧਿਕਾਰੀ ਨਿਯਮਾਂ ਵਿੱਚ ਬਦਲਾਅ ਕਰ ਕੇ ਸਿੱਧੇ ਭਰਤੀ ਕੀਤੇ ਗਏ ਹਨ ਅਤੇ ਬੁਹਤਿਆਂ ਨੂੰ ਰਾਖਵੇਂਕਰਨ ਤੋਂ ਵਾਂਝਾ ਕਰ ਦਿੱਤਾ ਗਿਆ ਹੈ।…” ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਉਹ 15-16 ਸਾਲ ਦੀ ਉਮਰ ਤੋਂ ਹੀ ਆਰਐੱਸਐੱਸ ਤੇ ਉਸ ਦੀ ਵਿਚਾਰਧਾਰਾ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਸੀਨੀਅਰ ਕਾਂਗਰਸੀ ਆਗੂ ਜਨਤਾ ਦਲ ਸੈਕੁਲਰ (ਜੇਡੀਐੱਸ) ਦੇ ਆਗੂ ਐੱਚਡੀ ਕੁਮਾਰਾਸਵਾਮੀ ਦੇ ਇਸ ਬਿਆਨ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਆਰਐੱਸਐੱਸ ਨੇ ਆਪਣੇ ਲੁਕਵੇਂ ਏਜੰਡੇ ਤਹਿਤ ਦੇਸ਼ ਵਿੱਚ ਨੌਕਰਸ਼ਾਹਾਂ ਦੀ ਇੱਕ ਟੀਮ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵਿੱਚ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ



Source link