ਕਾਬੁਲ, 6 ਅਕਤੂਬਰ
ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰੀ ਇਲਾਕੇ ਵਿੱਚੋਂ ਇਸਲਾਮਿਕ ਸਟੇਟ (ਆਈਐੱਸ) ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦਸਤਵੇਜ਼ ਅਤੇ ਹਥਿਆਰ ਜ਼ਬਤ ਕੀਤੇ ਹਨ। ਇਹ ਜਾਣਕਾਰੀ ਤਾਲਿਬਾਨ ਦੇ ਮੁੱਖ ਤਰਜਮਾਨ ਨੇ ਵੱਲੋਂ ਦਿੱਤੀ ਗਈ।
ਜਬ੍ਹੀਉੱਲ੍ਹਾ ਮੁਜਾਹਿਦ ਨੇ ਅੱਜ ਦੱਸਿਆ ਕਿ ਸਪੈਸ਼ਲ ਯੂਨਿਟ ਦੇ ਬਲਾਂ ਵੱਲੋਂ ਮੰਗਲਵਾਰ ਰਾਤ ਨੂੰ ਰਾਜਧਾਨੀ ਕਾਬੁਲ ਦੇ ਪਘਾਮ ਜ਼ਿਲ੍ਹੇ ਅੰਦਰ ਪਸ਼ਾਈ ਇਲਾਕੇ ‘ਚ ਅਪਰੇਸ਼ਨ ਚਲਾਇਆ ਗਿਆ ਸੀ। ਉਨ੍ਹਾਂ ਨੇ ਇਸ ਬਾਰੇ ਹੋਰ ਤਫ਼ਸੀਲ ‘ਚ ਜਾਣਕਾਰੀ ਨਹੀਂ ਦਿੱਤੀ। ਇਹ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਤਾਲਿਬਾਨ ਲੀਡਰਸ਼ਿਪ 15 ਅਗਸਤ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕੰਟਰੋਲ ਹਾਸਲ ਕਰਨ ਮਗਰੋਂ ਦਹਿਸ਼ਤਗਰਦ ਗੁਟ, ਜਿਸ ਨੂੰ ਇਸਲਾਮਿਕ ਸਟੇਟ ਖੁਰਾਸਾਨ ਵਜੋਂ ਜਾਣਿਆ ਜਾਂਦਾ ਹੈ, ਤੋਂ ਵਧ ਰਹੇ ਸੁਰੱਖਿਆ ਖ਼ਤਰੇ ਨਾਲ ਜੂਝ ਰਹੀ ਹੈ। -ਏਪੀ