ਪੰਜਾਬ ਕਾਂਗਰਸ ਦੇ ਮਾਰਚ ਕਾਰਨ ਸੜਕਾਂ ’ਤੇ ਲੰਮੇ ਜਾਮ, ਲੋਕ ਪ੍ਰੇਸ਼ਾਨ


ਹਰਜੀਤ ਸਿੰਘ

ਜ਼ੀਰਕਪੁਰ, 7 ਅਕਤੂਬਰ

ਪੰਜਾਬ ਕਾਂਗਰਸ ਵੱਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਤੱਕ ਕੀਤੇ ਜਾ ਰਹੇ ਰੋਸ ਮਾਰਚ ਕਾਰਨ ਜ਼ੀਰਕਪੁਰ ਵਿੱਚ ਅੱਜ ਵੱਡਾ ਜਾਮ ਲੱਗ ਗਿਆ। ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਕਾਂਗਰਸੀ ਵਰਕਰਾਂ ਨੂੰ ਸਵੇਰ ਦਸ ਵਜੇ ਦਾ ਸਮਾਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਸਵੇਰ ਤੋਂ ਹੀ ਕਾਂਗਰਸੀ ਆਗੂ ਅਤੇ ਵਰਕਰ ਪਟਿਆਲਾ ਰੋਡ ‘ਤੇ ਹਵਾਈ ਅੱਡੇ ਦੀ ਟਰੈਫਿਕ ਲਾਈਟਾਂ ‘ਤੇ ਜੁੜਨੇ ਸ਼ੁਰੂ ਹੋ ਗਏ ਸੀ। ਸਵੇਰ ਦਸ ਵਜੇ ਤੱਕ ਇਥੇ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਵਰਕਰ ਦਾ ਇਕੱਠ ਇਕੱਤਰ ਹੋ ਗਿਆ ਸੀ, ਜਦਕਿ ਸ੍ਰੀ ਸਿੱਧੂ ਆਪਣੇ ਨਿੱਜੀ ਕਾਫਲੇ ਨਾਲ ਇਥੇ ਬਾਅਦ ਦੁਪਹਿਰ ਸਾਢੇ ਬਾਰ੍ਹਾਂ ਵਜੇ ਤੱਕ ਪਹੁੰਚੇ, ਜਿਸ ਦੌਰਾਨ ਜ਼ੀਰਕਪੁਰ ਦੀ ਸੜਕਾਂ ‘ਤੇ ਜਾਮ ਲੱਗ ਗਿਆ। ਤਕਰੀਬਨ ਸਵੇਰ ਦਸ ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਜ਼ੀਰਕਪੁਰ ਦੀਆਂ ਸੜਕਾਂ ‘ਤੇ ਭਾਰੀ ਜਾਮ ਰਿਹਾ। ਮੌਕੇ ‘ਤੇ ਹਵਾਈ ਅੱਡੇ ਦੀ ਲਾਈਟਾਂ ਤੋਂ ਬਨੂੜ ਤੱਕ ਅਤੇ ਜ਼ੀਰਕਪੁਰ ਪੰਚਕੂਲਾ ਅਤੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਤੱਕ ਭਾਰੀ ਜਾਮ ਲੱਗ ਗਿਆ ਸੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਪੰਜ ਮਿੰਟ ਦਾ ਸਫਰ ਤੈਅ ਕਰਨ ਨੂੰ ਵਾਹਨ ਚਾਲਕਾਂ ਨੂੰ ਘੰਟਿਆਂਬੱਧੀ ਜਾਮ ਵਿੱਚ ਖੱਜਲ੍ਹ ਹੋਣਾ ਪਿਆ। ਐੱਸਐੱਸਪੀ ਮੁਹਾਲੀ ਨਵਜੋਤ ਸਿੰਘ ਮਹਿਲ, ਐੱਸਪੀ ਦਿਹਾਤੀ ਰਵਜੋਤ ਕੌਰ ਗਰੇਵਾਲ ਅਤੇ ਡੀਐੱਸਪੀ ਮੁਹਾਲੀ ਗੁਰਪ੍ਰੀਤ ਸਿੰਘ ਬੈਂਸ ਟਰੈਫਿਕ ਪ੍ਰਬੰਧਾਂ ਨੂੰ ਕਾਬੂ ਕਰਨ ਵਿੱਚ ਜੁੱਟੇ ਹੋਏ ਸਨ ਪਰ ਮੌਕੇ ‘ਤੇ ਹਾਲਾਤ ਕਾਫੀ ਖ਼ਰਾਬ ਹੋ ਗਏ ਸਨ। ਦੁਪਹਿਰ ਬਾਅਦ ਤਕਰੀਬਨ ਦੋ ਵਜੇ ਜਦ ਕਾਫਿਲਾ ਇਥੋਂ ਨਿਕਲਿਆ ਤਦ ਜਾ ਕੇ ਪੁਲੀਸ ਨੂੰ ਸਾਹ ਲਿਆ ਅਤੇ ਆਵਾਜਾਈ ਸੁਚਾਰੂ ਕੀਤੀSource link