ਖੰਨਾ ਮੰਡੀ ’ਚ ਤਿੰਨ ਲੱਖ ਕੁਇੰਟਲ ਝੋਨਾ ਪੁੱਜਿਆ: ਲਿਫਟਿੰਗ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦੇ ‘ਢੇਰ ਲੱਗੇ’


ਜੋਗਿੰਦਰ ਸਿੰਘ ਓਬਰਾਏ

ਖੰਨਾ, 9 ਅਕਤੂਬਰ

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਖਰੀਦੇ ਝੋਨੇ ਦੀ ਲਿਫਟਿੰਗ ਘੱਟ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਮੰਡੀ ਵਿਚ ਕਰੀਬ 3 ਲੱਖ ਬੋਰੀ ਪਈ ਹੈ, ਜਿਸ ਕਾਰਨ ਮੰਡੀ ਵਿਚ ਹੋਰ ਪੁੱਜ ਰਹੇ ਝੋਨੇ ਨੂੰ ਢੇਰੀ ਕਰਨ ਵਿਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਣਕ ਦੇ ਸੀਜ਼ਨ ਦੌਰਾਨ ਵੀ ਲਿਫਟਿੰਗ ਦੀ ਅਜਿਹੀ ਸਮੱਸਿਆ ਆਈ ਸੀ ਅਤੇ ਆੜ੍ਹਤੀਆਂ ਨੂੰ ਖੁਦ ਲਿਫਟਿੰਗ ਕਰਵਾਉਣੀ ਪਈ ਸੀ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਵਾਰ ਪਹਿਲਾ ਸਰਕਾਰੀ ਖ਼ਰੀਦ ਇਕ ਅਕਤੂਬਰ ਨੂੰ ਸ਼ੁਰੂ ਨਾ ਕਰਕੇ 3 ਅਕਤੂਬਰ ਤੋਂ ਹੋਈ, ਜਿਸ ਕਾਰਨ ਮੰਡੀ ਵਿਚ ਫਸਲ ਇੱਕਠੀ ਹੋ ਗਈ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਦੱਸਿਆ ਕਿ ਅੱਜ ਦੁਪਹਿਰ ਤੱਕ ਮੰਡੀ ਵਿਚ 2.75.774 ਕੁਇੰਟਲ ਝੋਨਾ ਪੁੱਜਿਆ ਹੈ, ਜਿਸ ਵਿਚੋਂ ਪਨਗ੍ਰੇਨ ਨੇ 1.43.277 ਕੁਇੰਟਲ, ਮਾਰਕਫੈਡ ਨੇ 56.475 ਕੁਇੰਟਲ, ਪਨਸਪ ਨੇ 41.630 ਕੁਇੰਟਲ, ਵੇਅਰਹਾਊਸ ਕਾਰਪੋਰੇਸ਼ਨ ਨੇ 31.577 ਕੁਇੰਟਲ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਸਿਰਫ਼ 20 ਕੁਇੰਟਲ ਝੋਨਾ ਖਰੀਦਿਆ ਗਿਆ ਅਤੇ ਐੱਫਸੀਆਈ ਨੇ ਇਕ ਵੀ ਦਾਣਾ ਨਹੀਂ ਖਰੀਦਿਆ। ਉਨ੍ਹਾਂ ਦੱਸਿਆ ਕਿ ਮੰਡੀ ਵਿਚੋਂ 63 ਪ੍ਰਤੀਸ਼ਤ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਮੰਡੀ ਵਿਚੋਂ ਵਿਕੇ ਝੋਨੇ ਦੀ 6 ਅਕਤੂਬਰ ਤੱਕ ਦੀ ਅਦਾਇਗੀ ਹੋ ਗਈ ਹੈ।Source link