ਫ਼ਿਲਪੀਨਜ਼ ਅਤੇ ਰੂਸ ਦੇ ਪੱਤਰਕਾਰਾਂ ਨੂੰ ਮਿਲਿਆ ਨੋਬੇਲ ਸ਼ਾਂਤੀ ਪੁਰਸਕਾਰ


ਓਸਲੋ: ਇਸ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਫਿਲਪੀਨਜ਼ ਦੀ ਪੱਤਰਕਾਰ ਮਾਰੀਆ ਰੈਸਾ ਤੇ ਰੂਸ ਦੇ ਪੱਤਰਕਾਰ ਦਮਿੱਤਰੀ ਮੁਰਾਤੋਵ ਨੂੰ ਦਿੱਤਾ ਗਿਆ ਹੈ। ਨੌਰਵੇਜੀਅਨ ਨੋਬੇਲ ਕਮੇਟੀ ਨੇ ਇਸ ਮਾਣਮੱਤੇ ਪੁਰਸਕਾਰ ਲਈ ਦੋਵਾਂ ਪੱਤਰਕਾਰਾਂ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ਦੀ ਲੜਾਈ ਵਿੱਚ ਪਾੲੇ ਯੋਗਦਾਨ ਦਾ ਹਵਾਲਾ ਦਿੱਤਾ ਹੈ। ਕਮੇਟੀ ਨੇ ਜ਼ੋਰ ਦੇ ਆਖਿਆ ਕਿ ਅਮਨ ਦੇ ਪ੍ਰਚਾਰ ਪਾਸਾਰ ਵਿੱਚ ਇਸ ਦਾ ਅਹਿਮ ਯੋਗਦਾਨ ਹੈ। ਨੋਬੇਲ ਕਮੇਟੀ ਦੀ ਚੇਅਰਪਰਸਨ ਬੈਰਿਟ ਰੀਸ-ਐਂਡਰਸਨ ਨੇ ਕਿਹਾ, ”ਨਿਰਪੱਖ, ਆਜ਼ਾਦ ਤੇ ਤੱਥ ਆਧਾਰਿਤ ਪੱਤਰਕਾਰੀ ਨੇ ਸੱਤਾ ਦੀ ਦੁਰਵਰਤੋਂ, ਝੂਠ ਤੇ ਪ੍ਰਾਪੇਗੰਡਾ ਦੀ ਜੰਗ ਤੋਂ ਸੁਰੱਖਿਆ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ, ”ਪ੍ਰਗਟਾਵੇ ਦੀ ਆਜ਼ਾਦੀ ਤੇ ਪ੍ਰੈੱਸ ਦੀ ਆਜ਼ਾਦੀ ਤੋਂ ਬਿਨਾਂ, ਦੋ ਮੁਲਕਾਂ ਵਿੱਚ ਭਾਈਚਾਰਕ ਪ੍ਰਚਾਰ-ਪਾਸਾਰ ਤੇ ਨਿਸ਼ਸਤਰੀਕਰਨ ਕਰਨਾ ਮੁਸ਼ਕਲ ਹੋਵੇਗਾ।” ਫਿਲਪੀਨਜ਼ ਦੀ ਪੱਤਰਕਾਰ ਰੈਸਾ ਸਾਲ 2012 ਵਿੱਚ ਸ਼ੁਰੂ ਕੀਤੀ ਰੈਪਲਰ ਨਾਂ ਦੀ ਨਿਊਜ਼ ਵੈੱਬਸਾਈਟ ਦੀ ਸਹਿ-ਬਾਨੀ ਹੈ। ਨੋਬੇਲ ਕਮੇਟੀ ਨੇ ਕਿਹਾ ਕਿ ਰੈਸਾ ਤੇ ਰੈਪਲਰ ਨੇ ਰਾਸ਼ਟਰਪਤੀ ਰੌਡਰਿਗੋ ਡਿਊਟਰਟ ਦੇ ਕਾਰਜਕਾਲ ਦੌਰਾਨ ਹੋਏ ਵਿਵਾਦਿਤ ਤੇ ਖੂਨੀ ਨਸ਼ਾ ਵਿਰੋਧੀ ਮੁਹਿੰਮ ਵੱਲ ਧਿਆਨ ਦਿਵਾਇਆ। ਇਨ੍ਹਾਂ ਦੋਵਾਂ ਨੇ ਫ਼ਰਜ਼ੀ ਖ਼ਬਰਾਂ ਦੇ ਫੈਲਾਅ, ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਜਨਤਕ ਵਿਚਾਰ ਚਰਚਾ ਨੂੰ ਆਪਣੇ ਮੁਤਾਬਕ ਢਾਲਣ ਲਈ ਸੋਸ਼ਲ ਮੀਡੀਆ ਦੀ ਹੋ ਰਹੀ ਦੁਰਵਰਤੋਂ ਨੂੰ ਦਸਤਾਵੇਜ਼ੀ ਦਾ ਰੂਪ ਦਿੱਤਾ। ਉਧਰ ਮੁਰਾਤੋਵ 1993 ਵਿੱਚ ਰੂਸ ਦੇ ਅਖ਼ਬਾਰ ‘ਨੋਵਾਇਆ ਗਜ਼ਟ’ ਦੇ ਬਾਨੀਆਂ ‘ਚੋਂ ਇਕ ਹੈ। ਇਹ ਰੋਜ਼ਨਾਮਚਾ ਅੱਜ ਦੀ ਤਰੀਕ ਵਿੱਚ ਮੁਲਕ ਦੇ ਸਭ ਤੋਂ ਨਿਰਪੱਖ ਅਖ਼ਬਾਰਾਂ ‘ਚੋਂ ਇਕ ਹੈ। ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਮੁਰਾਤੋਵ ਦੀ ‘ਪ੍ਰਤਿਭਾਸ਼ਾਲੀ ਤੇ ਦਲੇਰ’ ਵਿਅਕਤੀ ਵਜੋਂ ਤਾਰੀਫ਼ ਕੀਤੀ ਹੈ। -ਏਪੀSource link