ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਨਾਮਜ਼ਦ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਬਹਿਸ ਪੂਰੀ ਨਹੀਂ ਹੋਈ ਤੇ ਮਾਮਲਾ ਅਗਲੀ ਤਰੀਕ ਤੱਕ ਲਟਕ ਗਿਆ। ਹੁਣ ਦਿੱਲੀ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਪੰਜਾਬੀ ਬਾਗ਼ ਹਲਕੇ ਤੋਂ ਇਸ ਵਾਰ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਉਮੀਦਵਾਰ ਹਰਵਿੰਦਰ ਸਿੰਘ ਸਰਨਾ ਤੋਂ ਹਾਰ ਗਏ ਸਨ ਜਿਸ ਮਗਰੋਂ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਕਮੇਟੀ ਲਈ ਨਾਮਜ਼ਦ ਹੋਣ ਵਾਲੇ ਮੈਂਬਰ ਵਜੋਂ ਐਲਾਨ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦਾ ਇੱਕ ਨੁਮਾਇੰਦਾ ਦਿੱਲੀ ਗੁਰਦੁਆਰਾ ਐਕਟ 1971 ਤਹਿਤ ਹਰ ਹਾਊਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜੋ 46 ਮੈਂਬਰਾਂ ਦੇ ਬਰਾਬਰ ਹੀ ਰੁਤਬਾ ਰੱਖਦਾ ਹੈ।