ਲਖੀਮਪੁਰ ਹਿੰਸਾ: ਗ੍ਰਹਿ ਰਾਜ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ

ਲਖੀਮਪੁਰ ਹਿੰਸਾ: ਗ੍ਰਹਿ ਰਾਜ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ


ਲਖੀਮਪੁਰ (ਯੂਪੀ), 9 ਅਕਤੂਬਰ

ਮੁੱਖ ਅੰਸ਼

  • ਮਿਸ਼ਰਾ ਹਿੰਸਾ ਮੌਕੇ ਆਪਣੇ ਥਹੁ-ਪਤੇ ਬਾਰੇ ਤਸੱਲੀਬਖ਼ਸ਼ ਜਵਾਬ ਦੇਣ ਵਿੱਚ ਨਾਕਾਮ
  • ਸੁਪਰੀਮ ਕੋਰਟ ਦੀ ਸਖ਼ਤੀ ਮਗਰੋਂ ਹੋਈ ਕਾਰਵਾਈ

ਸੁਪਰੀਮ ਕੋਰਟ ਵੱਲੋਂ ਪਈ ਝਾੜ ਤੋਂ ਇਕ ਦਿਨ ਮਗਰੋਂ ਉੱਤਰ ਪ੍ਰਦੇਸ਼ ਪੁਲੀਸ ਦੀ ਨੌਂ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਇਥੇ ਲਖੀਮਪੁਰ ਖੀਰੀ ਹਿੰਸਾ ਕੇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਕਰੀਬ 11 ਘੰਟੇ ਦੀ ਪੁੱਛ-ਪੜਤਾਲ ਮਗਰੋਂ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਸਿਟ ਮੁਖੀ ਉਪੇਂਦਰ ਅਗਰਵਾਲ ਨੇ ਦੱਸਿਆ ਕਿ ਆਸ਼ੀਸ਼ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ ਤੇ ਉਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੇਰ ਰਾਤ ਮਿਸ਼ਰਾ ਦਾ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਹੀ ਮੈਡੀਕਲ ਕਰਵਾਇਆ ਗਿਆ। ਅਗਰਵਾਲ ਨੇ ਕਿਹਾ ਕਿ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਨਾ ਦੇਣ ਤੇ ਅਸਿੱਧੇ ਜਵਾਬ ਦੇਣ ਨੂੰ ਹੀ ਆਧਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿਸ਼ਰਾ ਨੂੰ ਰਿਮਾਂਡ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਟੀਮ ਨੇ ਮਿਸ਼ਰਾ ਤੋਂ ਤਿੰਨ ਦਰਜਨ ਤੋਂ ਵੱਧ ਸਵਾਲ ਪੁੱਛੇ। ਸਿਖਰਲੀ ਅਦਾਲਤ ਨੇ ਯੂਪੀ ਸਰਕਾਰ ਵੱਲੋਂ ਪੇਸ਼ ‘ਸਥਿਤੀ’ ਰਿਪੋਰਟ ‘ਤੇ ਟਿੱਪਣੀ ਕਰਦਿਆਂ ਸੂਬੇ ਦੀ ਪੁਲੀਸ ਵੱਲੋਂ ਧਾਰਾ 302 ਤਹਿਤ ਦਰਜ ਕੇਸ ਵਿੱਚ ਹੁਣ ਤੱਕ ਕੀਤੀ ਕਾਰਵਾਈ ਨੂੰ ‘ਗੈਰ-ਤਸੱਲੀਬਖ਼ਸ਼’ ਦੱਸਿਆ ਸੀ। ਲਖੀਮਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਸਾਨ ਆਗੂਆਂ ਨਾਲ ਮੁਆਵਜ਼ੇ ਤੇ ਹੋਰਨਾਂ ਸ਼ਰਤਾਂ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਧਾਰਾ 302 ਤਹਿਤ ਦਰਜ ਕੇਸ ਵਿੱਚ ਆਸ਼ੀਸ਼ ਮਿਸ਼ਰਾ ਨੂੰ ਹੋਰਨਾਂ ਦੇ ਨਾਲ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਆਸ਼ੀਸ਼ ਮਿਸ਼ਰਾ ਅੱਜ ਸਵੇਰੇ 11 ਵਜੇ ਦੇ ਕਰੀਬ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ। ਸਿਟ ਵੱਲੋਂ ਮਿਸ਼ਰਾ ਨੂੰ ਲੰਘੇ ਦਿਨ ਦੂਜੀ ਵਾਰ ਸੰਮਨ ਭੇਜੇ ਗਏ ਸਨ, ਕਿਉਂਕਿ ਉਹ ਸ਼ੁੱਕਰਵਾਰ ਨੂੰ ਪੇਸ਼ ਹੋਣ ਵਿੱਚ ਨਾਕਾਮ ਰਿਹਾ ਸੀ। ਸੂਤਰਾਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਤੋਂ ਡੀਆਈਜੀ (ਹੈੱਡਕੁਆਰਟਰਜ਼) ਉਪੇਂਦਰ ਅਗਰਵਾਲ ਦੀ ਅਗਵਾਈ ਵਾਲੀ ਸਿਟ ਨੇ ਪੁਲੀਸ ਲਾਈਨਜ਼ ਵਿੱਚ ਪੁੱਛ-ਪੜਤਾਲ ਕੀਤੀ। ਪੁੱਛਗਿੱਛ ਤੋਂ ਪਹਿਲਾਂ ਪੁਲੀਸ ਨੇ ਮਿਸ਼ਰਾ ਦਾ ਫੋਨ ਆਪਣੇ ਕਬਜ਼ੇ ਵਿੱਚ ਲੈ ਲਿਆ। ਸੂਤਰਾਂ ਨੇ ਕਿਹਾ ਕਿ ਪੁੱੱਛਗਿੱਛ ਦੌਰਾਨ ਆਸ਼ੀਸ਼ ਮਿਸ਼ਰਾ 3 ਅਕਤੂਬਰ ਨੂੰ ਬਾਅਦ ਦੁਪਹਿਰ ਢਾਈ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਦੇ ਆਪਣੇ ਅਸਲ ਥਹੁ-ਟਿਕਾਣੇ (ਲੋਕੇਸ਼ਨ) ਬਾਰੇ ਤਫ਼ਤੀਸ਼ਕਾਰਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਉਂਜ ਮਿਸ਼ਰਾ ਤੋਂ ਪੁੱਛ-ਪੜਤਾਲ ਦੌਰਾਨ ਪੁਲੀਸ ਲਾਈਨਜ਼ ਦੇ ਆਲੇ-ਦੁਆਲੇ ਵਧੀਕ ਸੁਰੱਖਿਆ ਅਮਲਾ ਤਾਇਨਾਤ ਰਿਹਾ। ਇਸ ਤੋਂ ਪਹਿਲਾਂ ਅੱਜ ਆਸ਼ੀਸ਼ ਮਿਸ਼ਰਾ ਆਪਣੇ ਵਕੀਲਾਂ ਨਾਲ ਸਿਟ ਅੱਗੇ ਪੇਸ਼ ਹੋਣ ਲਈ ਪੁਲੀਸ ਲਾਈਨਜ਼ ਪੁੱਜਾ ਤਾਂ ਉਥੇ ਪਹਿਲਾਂ ਹੀ ਵੱਡੀ ਗਿਣਤੀ ਪੱਤਰਕਾਰ ਮੌਜੂਦ ਸਨ। ਪੁਲੀਸ ਮੁਲਾਜ਼ਮ ਪੱਤਰਕਾਰਾਂ ਨੂੰ ਝੱਕਾਨੀ ਦਿੰਦਿਆਂ ਮਿਸ਼ਰਾ ਨੂੰ ਅੰਦਰ ਲੈ ਗਏ। ਸੂਤਰਾਂ ਨੇ ਕਿਹਾ ਕਿ ਸਿਟ ਵਿੱਚ ਸ਼ਾਮਲ ਪੁਲੀਸ ਟੀਮ ਨੇ ਮਿਸ਼ਰਾ ਤੋਂ ਪੁੱਛਗਿੱਛ ਲਈ ਤਿੰਨ ਦਰਜਨ ਤੋਂ ਵੱਧ ਸਵਾਲ ਤਿਆਰ ਕੀਤੇ ਹੋਏ ਸਨ। ਮਿਸ਼ਰਾ ਦੀ ਪੁਲੀਸ ਲਾਈਨਜ਼ ਵਿੱਚ ਆਮਦ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਇਥੇ ਸਥਾਨਕ ਦਫ਼ਤਰ ਵਿੱਚ ਸਵੇਰ ਤੋਂ ਹੀ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਅੱਜ ਵੱਡੇ ਤੜਕੇ ਭੇਜੇ ਇਕ ਸੁਨੇਹੇ ਵਿੱਚ ਪਾਰਟੀ (ਭਾਜਪਾ) ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਸਥਾਨਕ ਸੰਸਦ ਮੈਂਬਰ ਅਜੈ ਮਿਸ਼ਰਾ ਦੇ ਲਖੀਮਪੁਰ ਖੀਰੀ ਵਿਚਲੇ ਹੈੱਡਕੁਆਰਟਰ ‘ਤੇ ਇਕੱਤਰ ਹੋਣ ਲਈ ਕਿਹਾ ਗਿਆ ਸੀ। -ਪੀਟੀਆਈ

ਸ਼ਿਕਾਇਤਕਰਤਾ ਜਗਜੀਤ ਸਿੰਘ ਨੇ ਆਸ਼ੀਸ਼ ‘ਤੇ ਗੋਲੀਆਂ ਚਲਾਉਣ ਦਾ ਲਾਇਆ ਸੀ ਦੋਸ਼

ਜਗਜੀਤ ਸਿੰਘ ਵੱਲੋਂ ਦਾਇਰ ਸ਼ਿਕਾਇਤ ਵਿੱਚ ਆਸ਼ੀਸ਼ ਮਿਸ਼ਰਾ ‘ਤੇ ਦੋਸ਼ ਹੈ ਕਿ ਉਹ 3 ਅਕਤੂਬਰ ਨੂੰ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਫੇਰੀ ਮੌਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮੂਹ ਨੂੰ ਵਾਹਨਾਂ ਹੇਠ ਦਰੜਨ ਵਾਲੀ ਕਿਸੇ ਇਕ ਐੱਸਯੂਵੀ ਵਿੱਚ ਸਵਾਰ ਸੀ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਵਾਹਨ ਹੇਠ ਦਰੜਨ ਤੋਂ ਫੌਰੀ ਮਗਰੋਂ ਆਸ਼ੀਸ਼ ਮਿਸ਼ਰਾ ਕਥਿਤ ਗੋਲੀਆਂ ਚਲਾਉਂਦਾ ਨਾਲ ਲਗਦੇ ਗੰਨੇ ਦੇ ਖੇਤ ਰਾਹੀਂ ਉਥੋਂ ਰਫੂਚੱਕਰ ਹੋ ਗਿਆ। ਆਸ਼ੀਸ਼ ਮਿਸ਼ਰਾ ਤੇ ਉਨ੍ਹਾਂ ਦੇ ਪਿਤਾ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਹੈ ਕਿ ਆਸ਼ੀਸ਼ ਮਿਸ਼ਰਾ ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਨਹੀਂ ਸੀ। ਚਾਰ ਕਿਸਾਨਾਂ ਦੀ ਮੌਤ ਮਗਰੋਂ ਭੜਕੀ ਹਿੰਸਾ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਕਾਰਾਂ ਦੇ ਕਾਫ਼ਲੇ ‘ਚ ਸ਼ਾਮਲ ਦੋ ਭਾਜਪਾ ਵਰਕਰਾਂ ਤੇ ਉਨ੍ਹਾਂ ਦੇ ਡਰਾਈਵਰ ਦੀ ਕਥਿਤ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਵਿੱਚ ਇਕ ਸਥਾਨਕ ਪੱਤਰਕਾਰ ਰਮਨ ਕਸ਼ਯਪ ਦੀ ਵੀ ਜਾਨ ਜਾਂਦੀ ਰਹੀ ਸੀ। ਕੇਸ ਦੀ ਜਾਂਚ ਲਈ ਡੀਆਈਜੀ ਅਗਰਵਾਲ ਦੀ ਅਗਵਾਈ ਹੇਠ 9 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ।



Source link