ਨਵੀਂ ਦਿੱਲੀ, 10 ਅਕਤੂਬਰ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੂਰੀ ਕਸ਼ਮੀਰ ਵਾਦੀ ਵਿਚ 16 ਥਾਵਾਂ ਉਤੇ ਛਾਪੇ ਮਾਰੇ ਹਨ। ਇਹ ਛਾਪੇ ਦੋ ਕੇਸਾਂ ਵਿਚ ਮਾਰੇ ਗਏ ਹਨ ਜੋ ‘ਆਈਐੱਸਆਈਐੱਸ-ਵੁਆਇਸ ਆਫ ਹਿੰਦ’ ਤੇ ‘ਟੀਆਰਐਫ’ ਨਾਲ ਸਬੰਧਤ ਹਨ। ਸ੍ਰੀਨਗਰ ਦੀਆਂ ਨੌਂ ਥਾਵਾਂ ਉਤੇ ਛਾਪੇ ਅੱਜ ਜਾਰੀ ਰਹੇ। ਇਸ ਤੋਂ ਇਲਾਵਾ ਅਨੰਤਨਾਗ, ਕੁਲਗਾਮ ਤੇ ਬਾਰਾਮੂਲਾ ਵਿਚ ਵੀ ਛਾਪੇ ਮਾਰੇ ਗਏ ਹਨ।
ਏਜੰਸੀ ਦੇ ਸੂਤਰਾਂ ਮੁਤਾਬਕ ਕਈਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ੍ਰੀਨਗਰ ਵਿਚ ਕਰੀਬ 70 ਨੌਜਵਾਨਾਂ ਤੇ ਪਿਛਲੇ ਦੋ-ਤਿੰਨ ਤਿਨਾਂ ਵਿਚ ਕਰੀਬ 570 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵਾਦੀ ਵਿਚ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਤੋਂ ਬਾਅਦ ਐਨਆਈਏ ਨੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ। ‘ਵੁਆਇਸ ਆਫ ਹਿੰਦ’ ਮੈਗਜ਼ੀਨ ਕੇਸ ਮੁਤਾਬਕ ਆਈਐੱਸਆਈਐੱਸ ਅਤਿਵਾਦੀ ਜਥੇਬੰਦੀ ਭਾਰਤ ਉਤੇ ਕੇਂਦਰਿਤ ਆਨਲਾਈਨ ਰਸਾਲਾ ਫਰਵਰੀ 2020 ਤੋਂ ਕੱਢ ਰਹੀ ਹੈ। ਇਸ ਦਾ ਮੰਤਵ ਕਸ਼ਮੀਰ ਵਿਚ ਨੌਜਵਾਨਾਂ ਨੂੰ ਕੱਟੜਵਾਦ ਵੱਲ ਤੋਰਨਾ ਹੈ। ‘ਦਿ ਰਜ਼ਿਸਟੈਂਸ ਫਰੰਟ’ (ਟੀਆਰਐਫ) ਕੇਸ ਵਿਚ ਜਾਂਚ ਪਹਿਲਾਂ ਹੀ ਚੱਲ ਰਹੀ ਹੈ। ਕਸ਼ਮੀਰ ਵਿਚ ਟੀਆਰਐਫ ਕਮਾਂਡਰ ਸੱਜਾਦ ਗੁਲ ਦੇ ਘਰ ਉਤੇ ਵੀ ਛਾਪਾ ਮਾਰਿਆ ਗਿਆ ਹੈ। -ਆਈਏਐਨਐੱਸ
ਸ੍ਰੀਨਗਰ ਦੇ ਸਕੂਲਾਂ ਦੇ 40 ਅਧਿਆਪਕ ਐਨਆਈਏ ਵੱਲੋਂ ਤਲਬ
ਸ੍ਰੀਨਗਰ: ਕਸ਼ਮੀਰ ਵਿਚ ਨਾਗਰਿਕਾਂ ਦੀ ਮਿੱਥ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਐਨਆਈਏ ਨੇ 40 ਅਧਿਆਪਕਾਂ ਨੂੰ ਤਲਬ ਕੀਤਾ ਹੈ। ਜੰਮੂ ਕਸ਼ਮੀਰ ਪੁਲੀਸ ਨੇ ਪਹਿਲਾਂ ਹੀ 400 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਤਿਵਾਦੀ ਸੰਗਠਨਾਂ ਨਾਲ ਲਿੰਕ ਹਨ। ਪ੍ਰਿੰਸੀਪਲ ਸੁਪਿੰਦਰ ਕੌਰ ਤੇ ਅਧਿਆਪਕ ਦੀਪਕ ਚੰਦ ਦੀ ਹੱਤਿਆ ਦੇ ਕੇਸ ਦੀ ਜਾਂਚ ਹੁਣ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ। ਤਲਬ ਕੀਤੇ ਗਏ ਅਧਿਆਪਕ ਸ੍ਰੀਨਗਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ ਹਨ।
ਟੀਆਰਐਫ ਦੇ ਦੋ ਕਾਰਕੁਨ ਗ੍ਰਿਫ਼ਤਾਰ
ਐਨਆਈਏ ਨੇ ਟੀਆਰਐਫ ਦੇ ਦੋ ਕਾਰਕੁਨਾਂ ਨੂੰ ਬਾਰਾਮੂਲਾ ਤੇ ਅਨੰਤਨਾਗ ਤੋਂ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਮੁਤਾਬਕ ਪਾਕਿਸਤਾਨ ਅਧਾਰਿਤ ਲਸ਼ਕਰ ਦੇ ਹੈਂਡਲਰ ਤੇ ਜੰਮੂ ਕਸ਼ਮੀਰ ਵਿਚਲੇ ਉਨ੍ਹਾਂ ਦੇ ਸਹਿਯੋਗੀ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਘੜ ਰਹੇ ਸਨ।