ਸਨਾ (ਯਮਨ), 10 ਅਕਤੂਬਰ
ਯਮਨ ਦੇ ਸ਼ਹਿਰ ਅਦਨ ਵਿੱਚ ਐਤਵਾਰ ਨੂੰ ਦੋ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਾਰ ਬੰਬ ਧਮਾਕੇ ਵਿੱਚ ਛੇ ਵਿਅਕਤੀ ਮਾਰੇ ਗੲੇ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਨੇ ਸਾਂਝੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਤਵਾਹੀ ਜ਼ਿਲ੍ਹੇ ਵਿੱਚ ਖੇਤੀਬਾੜੀ ਮੰਤਰੀ ਸਲੇਮ ਅਲ-ਸੁਕੋਟਰਾਏ ਅਤੇ ਅਦਨ ਦੇ ਗਵਰਨਰ ਅਹਿਮਦ ਲਾਮਲਾਸ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਧਮਾਕੇ ਵਿੱਚ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ, ਜੋ ਉੱਥੋਂ ਲੰਘ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਅਧਿਕਾਰੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਧਮਾਕੇ ਨੇ ਇਲਾਕੇ ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਤੇਜ਼ੀ ਨਾਲ ਸੀਲ ਕਰ ਦਿੱਤਾ। ਪ੍ਰਧਾਨ ਮੰਤਰੀ ਮਈਨ ਅਬਦੁਲ ਮਲਿਕ ਸਈਅਦ ਨੇ ਧਮਾਕੇ ਨੂੰ ‘ਅਤਿਵਾਦੀ ਹਮਲਾ’ ਕਰਾਰ ਦਿੱਤਾ ਅਤੇ ਜਾਂਚ ਦੇ ਆਦੇਸ਼ ਦਿੱਤੇ। ਅਜੇ ਤੱਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਵਿੱਚ ਅਦਨ ਵਿੱਚ ਕਈ ਧਮਾਕੇ ਹੋਏ ਹਨ ਜਿਸ ਦਾ ਦੋਸ਼ ਅਲ-ਕਾਇਦਾ ਦੇ ਸਥਾਨਕ ਸਹਿਯੋਗੀ ਸੰਗਠਨਾਂ ਅਤੇ ਇਸਲਾਮਿਕ ਸਮੂਹਾਂ ‘ਤੇ ਲੱਗਦਾ ਰਿਹਾ ਹੈ। -ਏਪੀ