ਲਖੀਮਪੁਰ ਹਿੰਸਾ ਦੇ ਰੋਸ ਵਜੋਂ ਮਹਾਰਾਸ਼ਟਰ ਬੰਦ


ਮੁੰਬਈ, 11 ਅਕਤੂਬਰ

ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਚਾਰ ਕਿਸਾਨਾਂ ਦੀ ਹੱਤਿਆ ਦੇ ਵਿਰੋਧ ਵਿੱਚ ਦਿੱਤੇ ‘ਮਹਾਰਾਸ਼ਟਰ ਬੰਦ’ ਦੇ ਸੱਦੇ ਨੂੰ ਭਰਵੀਂ ਹਮਾਇਤ ਮਿਲੀ। ਬੰਦ ਕਰਕੇ ਰੋਡ ਟਰਾਂਸਪੋਰਟ ਸੇਵਾਵਾਂ ਅਸਰਅੰਦਾਜ਼ ਹੋਈਆਂ ਤੇ ਦੇਸ਼ ਦੀ ਵਿੱਤੀ ਰਾਜਧਾਨੀ ਸਮੇਤ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਹੁਤੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਸੱਤਾਧਾਰੀ ਗੱਠਜੋੜ ਵਿੱਚ ਸ਼ਾਮਲ ਤਿੰਨ ਪਾਰਟੀਆਂ- ਸ਼ਿਵ ਸੈਨਾ, ਕਾਂਗਰਸ ਤੇ ਐੱਨਸੀਪੀ ਨੇ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਕੀਤੇ। ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ‘ਬੰਦ’ ਦੇ 100 ਫੀਸਦੀ ਸਫ਼ਲ ਰਹਿਣ ਦਾ ਦਾਅਵਾ ਕੀਤਾ ਹੈ। ਮੁੰਬਈ ਵਿੱਚ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਤੇ ਟਰਾਂਸਪੋਰਟ (ਬੈਸਟ) ਬੱਸਾਂ ਤੇ ਰਵਾਇਤੀ ਕਾਲੇ-ਪੀਲੇ ਰੰਗ ਵਾਲੀਆਂ ਟੈਕਸੀਆਂ ਸੜਕਾਂ ‘ਤੇ ਨਜ਼ਰ ਨਹੀਂ ਆਈਆਂ, ਜਿਸ ਕਰਕੇ ਸਬ-ਅਰਬਨ ਰੇਲਵੇ ਸਟੇਸ਼ਨਾਂ ‘ਤੇ ਮੁਸਾਫਰਾਂ ਦੀਆਂ ਆਮ ਨਾਲੋਂ ਵੱਧ ਭੀੜਾਂ ਵੇਖੀਆਂ ਗਈਆਂ। ਬੰਦ ਦੇ ਬਾਵਜੂਦ ਲੋਕਲ ਟਰੇਨਾਂ ਆਮ ਵਾਂਗ ਚੱਲੀਆਂ। ਜ਼ਰੂਰੀ ਵਸਤਾਂ ਨੂੰ ਛੱਡ ਕੇ ਹੋਰ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਕੁਝ ਥਾਵਾਂ ‘ਤੇ ਬੈਸਟ ਬੱਸਾਂ ‘ਤੇ ਕੀਤੀ ਪੱਥਰਬਾਜ਼ੀ ਮਗਰੋਂ ਬੱਸ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ। ਐੱਨਸੀਪੀ ਆਗੂ ਜੈਯੰਤ ਪਾਟਿਲ, ਨਵਾਬ ਮਲਿਕ, ਸੰਸਦ ਮੈਂਬਰ ਸੁਪ੍ਰਿਆ ਸੂਲੇ ਤੇ ਹੋਰਨਾਂ ਨੇ ਦੱਖਣੀ ਮੁੰਬਈ ਦੇ ਹੁਤਾਤਮਾ ਚੌਕ ਵਿੱਚ ਧਰਨਾ ਦਿੱਤਾ। ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਲਖੀਮਪੁਰ ਖੀਰੀ ‘ਚ ਕਿਸਾਨਾਂ ਦੀਆਂ ਹੱਤਿਆਵਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਸਾਡੀਆਂ ਰਿਪੋਰਟਾਂ ਮੁਤਾਬਕ ਬੰਦ ਸੌ ਫੀਸਦੀ ਸਫ਼ਲ ਰਿਹਾ ਹੈ। ਲੋਕਾਂ ਨੇ ਪੂਰੇ ਦਿਲ ਨਾਲ ਬੰਦ ‘ਚ ਸ਼ਮੂਲੀਅਤ ਕੀਤੀ। ਇਹ ਕੋਈ ਸਿਆਸੀ ਬੰਦ ਨਹੀਂ ਸੀ। ਇਹ ਕਿਸਾਨਾਂ ਦੀ ਹਮਾਇਤ ‘ਚ ਦਿੱਤਾ ਬੰਦ ਦਾ ਸੱਦਾ ਸੀ।” -ਪੀਟੀਆਈ

ਗੱਠਜੋੜ ਸਰਕਾਰ ਦਾ ਕਿਸਾਨਾਂ ਪ੍ਰਤੀ ਹੇਜ ‘ਖਾਲਸ ਪਾਖੰਡ’: ਫੜਨਵੀਸ

ਮੁੰਬਈ: ਮਹਾਰਾਸ਼ਟਰ ਅਸੈਂਬਲੀ ‘ਚ ਵਿਰੋਧੀ ਧਿਰ ਦੇ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਗੱਠਜੋੜ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਲੋਕਾਂ ‘ਤੇ ਬੰਦ ਥੋਪਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਪਾਰਟੀਆਂ ਦੀ ਗੱਠਜੋੜ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਵਿਖਾਇਆ ਜਾ ਰਿਹੈ ਹੇਜ ‘ਖਾਲਸ ਪਖੰਡ’ ਸੀ। ਫੜਨਵੀਸ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਜੇਕਰ ਕਿਸਾਨਾਂ ਦੀ ਇੰਨੀ ਹੀ ਫ਼ਿਕਰ ਹੈ ਤਾਂ ਪਹਿਲਾਂ ਉਹ ਵਿਦਰਭ ਤੇ ਮਰਾਠਵਾੜਾ ਖੇਤਰਾਂ ਵਿੱਚ ਬੇਮੌਸਮੀ ਮੀਂਹ ਕਰਕੇ ਹੋਏ ਫ਼ਸਲਾਂ ਦੇ ਖਰਾਬੇ ਲਈ ਕਿਸਾਨਾਂ ਨੂੰ ਰਾਹਤ ਦੇਵੇ। ਫੜਨਵੀਸ ਨੇ ਕਿਹਾ ਕਿ ਯੂਪੀ ਸਰਕਾਰ ਲਖੀਮਪੁਰੀ ਖੀਰੀ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੇ ਸਮਰੱਥ ਹੈ। -ਪੀਟੀਆਈ

ਸ਼ਿਵ ਸੈਨਾ ਨੇ ਵਰੁਣ ਗਾਂਧੀ ਦੀ ਪਿੱਠ ਥਾਪੜੀ

ਮੁੰਬਈ: ਕਿਸਾਨ ਅੰਦੋਲਨ ਖਾਸ ਕਰਕੇ ਲਖੀਮਪੁਰ ਖੀਰੀ ਹਿੰਸਾ ਕਾਂਡ ਮਗਰੋਂ ਕਿਸਾਨਾਂ ਦੀ ਹਮਾਇਤ ‘ਤੇ ਉਤਰੇ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਦੀ ਪਿੱਠ ਥਾਪੜਦਿਆਂ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮਤਾ ਪਾਸ ਕਰਕੇ ਵਰੁਣ ਵੱਲੋਂ ਲਏ ਗਏ ਸਟੈਂਡ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ‘ਚ ਉਨ੍ਹਾਂ ਸਵਾਲ ਕੀਤਾ ਹੈ ਕਿ ਭਿਆਨਕ ਲਖੀਮਪੁਰ ਖੀਰੀ ਹਿੰਸਾ ਕਾਂਡ ਦੀ ਸੱਚਾਈ ਸਾਹਮਣੇ ਮਗਰੋਂ ਵੀ ਕੀ ਹੋਰ ਸੰਸਦ ਮੈਂਬਰਾਂ ਦਾ ਖ਼ੂਨ ਠੰਢਾ ਪੈ ਗਿਆ ਹੈ। ਸੰਪਾਦਕੀ ‘ਚ ਕਿਹਾ ਗਿਆ ਹੈ,”ਦੇਸ਼ ਵੈਰ ਭਾਵਨਾ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਹੈ। ਵਰੁਣ ਗਾਂਧੀ, ਸੰਜੈ ਗਾਂਧੀ ਦਾ ਪੁੱਤਰ ਅਤੇ ਇੰਦਰਾ ਦਾ ਪੋਤਾ ਹੈ। ਲਖੀਮਪੁਰ ਦੀ ਭਿਆਨਕਤਾ ਨੂੰ ਦੇਖ ਕੇ ਉਸ ਦਾ ਖੂਨ ਉਬਾਲੇ ਖਾ ਰਿਹਾ ਹੈ ਅਤੇ ਉਸ ਨੇ ਘਟਨਾ ਦੇ ਵਿਰੋਧ ‘ਚ ਆਪਣੇ ਤਿੱਖੇ ਵਿਚਾਰ ਪ੍ਰਗਟਾਏ ਹਨ। ਵਰੁਣ ਨੇ ਸੋਚੇ-ਸਮਝੇ ਬਿਨਾਂ ਸਿਆਸੀ ਹੌਸਲਾ ਦਿਖਾਇਆ ਹੈ ਅਤੇ ਉਸ ਨੇ ਕਿਸਾਨਾਂ ਦੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ।” -ਪੀਟੀਆਈSource link