ਕੌਮਾਂਤਰੀ ਡਰੱਗ ਨੈੱਟਵਰਕ ਦੇ ਸੰਪਰਕ ਵਿੱਚ ਸੀ ਸ਼ਾਹਰੁਖ ਖਾਨ ਦਾ ਪੁੱਤ


ਮੁੰਬਈ, 13 ਅਕਤੂਬਰ

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤੇ ਆਰਿਅਨ ਖ਼ਾਨ ਦੀ ਜ਼ਮਾਨਤ ਵਿਰੋਧ ਕੀਤਾ ਹੈ। ਆਰਿਅਨ ਖਾਨ, ਜੋ ਕਿ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਬੇਟਾ ਹੈ, ਨੂੰ ਮੁੰਬਈ ਦੇ ਤੱਟੀ ਇਲਾਕੇ ਵਿੱਚ ਸਮੁੰਦਰੀ ਜਹਾਜ਼ ‘ਚ ਪਾਰਟੀ ਦੌਰਾਨ ਡਰੱਗਜ਼ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਕਬਜ਼ੇ ਵਿੱਚੋਂ ਡਰੱਗਜ਼ ਵੀ ਬਰਾਮਦ ਹੋਈਆਂ ਸਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਹਾ ਕਿ ਇਸ ਕੇਸ ਦੀ ਹੁਣ ਤੱਕ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰੱਗਜ਼ ਸਬੰਧੀ ਇਸ ਸਾਜ਼ਿਸ਼ ਵਿੱਚ ਆਰਿਅਨ ਖਾਨ ਦਾ ਵੀ ਰੋਲ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਦਾਖਲ ਕੀਤੇ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਆਰਿਅਨ ਕੁਝ ਲੋਕਾਂ ਦੇ ਸੰਪਰਕ ਵਿੱਚ ਸੀ ਜੋ ਕਿ ਕੌਮਾਂਤਰੀ ਡਰੱਗ ਨੈੱਟਵਰਕ ਵਿੱਚ ਸ਼ਾਮਲ ਹਨ। ਬਿਊਰੋ ਨੇ ਇਹ ਵੀ ਕਿਹਾ ਕਿ ਜਿਸ ਸਮੁੰਦਰੀ ਜਹਾਜ਼ ਵਿੱਚ ਡਰੱਗਜ਼ ਪਾਰਟੀ ਕੀਤੀ ਗਈ ਸੀ, ਉਸ ਵੇਲੇ ਪੈਸਿਆਂ ਦਾ ਵੀ ਲੈਣ-ਦੇਣ ਹੋਇਆ ਸੀ ਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਅਨੁਸਾਰ ਇਸ ਕੇਸ ਦੀ ਜਾਂਚ ਲਈ ਵਧੇਰੇ ਸਮੇਂ ਦੀ ਜ਼ਰੂਰਤ ਹੈ ਤਾਂ ਕਿ ਇਸ ਕੇਸ ਨਾਲ ਸਬੰਧਤ ਵਿਦੇਸ਼ੀ ਏਜੰਸੀਆਂ ਦੇ ਰੋਲ ਦੀ ਵੀ ਜਾਂਚ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਆਰਿਅਨ ਖਾਨ ਨੇ ਇਸ ਕੇਸ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਵੀਵੀ ਪਾਟਿਲ ਦੀ ਅਦਾਲਤ ਵਿੱਚ ਜ਼ਮਾਨਤ ਸਬੰਧੀ ਆਰਜ਼ੀ ਦਾਇਰ ਕੀਤੀ ਹੈ ਜਿਸ ਦੇ ਜਵਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਹਲਫਨਾਮਾ ਦਾਖਲ ਕੀਤਾ ਹੈ ਤੇ ਆਰਿਅਨ ਦੀ ਜ਼ਮਾਨਤ ਦਾ ਵਿਰੋਧ ਕੀਤਾ। -ਏਜੰਸੀSource link