ਤਾਲਿਬਾਨ ਵੱਲੋਂ ਪਾਕਿ ਏਅਰਲਾਈਨ ’ਤੇ ਪਾਬੰਦੀ ਲਾਉਣ ਦੀ ਚਿਤਾਵਨੀ


ਨਵੀਂ ਦਿੱਲੀ/ਇਸਲਾਮਾਬਾਦ, 14 ਅਕਤੂਬਰ

ਅਫ਼ਗ਼ਾਨਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਤੇ ਨਿੱਜੀ ਅਫ਼ਗ਼ਾਨ ਏਅਰਲਾਈਨ ‘ਕੈਮ ਏਅਰ’ ਨੇ ਜੇਕਰ ਤਾਲਿਬਾਨ ਵੱਲੋਂ ਮੁਲਕ ਦੀ ਸੱਤਾ ਆਪਣੇ ਹੱਥਾਂ ਵਿੱਚ ਲੈਣ ਤੋਂ ਪਹਿਲਾਂ ਦੇ ਅਰਸੇ ਵਾਲੇ ਟਿਕਟ ਰੇਟ ਯਾਤਰੀਆਂ ਨੂੰ ਨਾ ਲਾਏ ਤਾਂ ਉਹ ਕਾਬੁਲ ਤੋਂ ਇਸਲਾਮਾਬਾਦ ਰੂਟ ‘ਤੇ ਚਲਦੀਆਂ ਇਨ੍ਹਾਂ ਏਅਰਲਾਈਨਾਂ ਦੀਆਂ ਉਡਾਣਾਂ ‘ਤੇ ਪਾਬੰਦੀ ਲਾ ਦੇਵੇਗਾ।

ਖਾਮਾ ਪ੍ਰੈੱਸ ਨੇ ਆਪਣੀ ਇਕ ਰਿਪੋਰਟ ‘ਚ ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਦੋਵਾਂ ਏਅਰਲਾਈਨਾਂ ਨੇ ਨੇਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਨੂੰ ਜੁਰਮਾਨਾ ਲਾਇਆ ਜਾਵੇਗਾ। ਅਫ਼ਗ਼ਾਨਿਸਤਾਨ ਦੇ ਇਸਲਾਮਿਕ ਐਮੀਰਾਤ ਨੇ ਉਪਰੋਕਤ ਚਿਤਾਵਨੀ ਪਾਕਿਸਤਾਨੀ ਏਅਰਲਾਈਨ ਵੱਲੋਂ ਕਾਬੁਲ ਤੋਂ ਇਸਲਾਮਾਬਾਦ ਦੀ ਪ੍ਰਤੀ ਟਿਕਟ ਲਈ 2500 ਅਮਰੀਕੀ ਡਾਲਰ ਦਾ ਭਾੜਾ ਲੈਣ ਮਗਰੋਂ ਦਿੱਤੀ ਹੈ ਜਦੋਂਕਿ ਪਹਿਲਾਂ ਪ੍ਰਤੀ ਟਿਕਟ 120 ਤੋਂ 150 ਡਾਲਰ ਵਸੂਲੇ ਜਾਂਦੇ ਸਨ। ਬਿਆਨ ਵਿੱਚ ਅਫ਼ਗ਼ਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਵੇਂ ਨੇਮਾਂ ਦੀ ਉਲੰਘਣਾ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਸਹਿਯੋਗ ਕਰਨ। ਇਸ ਦੌਰਾਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਤਾਲਿਬਾਨ ਅਥਾਰਿਟੀਜ਼ ਦੇ ਬੇਲੋੜੇ ਦਖ਼ਲ ਦੇ ਹਵਾਲੇ ਨਾਲ ਅਫ਼ਗ਼ਾਨ ਰਾਜਧਾਨੀ ਨੂੰ ਜਾਂਦੀਆਂ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਏਅਰਲਾਈਨ ਦੇ ਤਰਜਮਾਨ ਨੇ ਕਿਹਾ, ”ਅਸੀਂ ਤਾਲਿਬਾਨ ਅਥਾਰਿਟੀਜ਼ ਦੇ ਬੇਲੋੜੇ ਦਖ਼ਲ ਤੇ ਵਾਧੂ ਸਖ਼ਤੀ ਕਰਕੇ ਕਾਬੁਲ ਨੂੰ ਜਾਂਦੀਆਂ ਆਪਣੀਆਂ ਉਡਾਣਾਂ ਅੱਜ ਤੋਂ ਮੁਅੱਤਲ ਕਰਦੇ ਹਾਂ।” -ਆਈਏਐੱਨਐੱਸSource link