ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲੇ 69.49 ਫ਼ੀਸਦ ਘਟੇ


ਵਿਭਾ ਸ਼ਰਮਾ

ਨਵੀਂ ਦਿੱਲੀ, 15 ਅਕਤੂਬਰ

ਵਾਤਾਵਰਨ ਮੰਤਰਾਲੇ ਨੇ ਅੱਜ ਕਿਹਾ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐੱਨਸੀਆਰ ਵਾਲੇ ਅੱਠ ਜ਼ਿਲ੍ਹਿਆਂ ਵਿਚ ਇਸ ਸਾਲ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ। ਅਧਿਕਾਰੀਆਂ ਨੇ ਦੱਸਿਆ, ”ਪਿਛਲੇ ਇਕ ਮਹੀਨੇ ਵਿਚ ਪਰਾਲੀ ਨੂੰ ਅੱਗ ਲਾਉਣ ਦੇ 1795 ਮਾਮਲੇ ਸਾਹਮਣੇ ਆਏ ਹਨ ਜਦਕਿ ਸਾਲ 2020 ਵਿਚ ਇਹ ਗਿਣਤੀ 4,854 ਸੀ।” ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਰੁਝਾਨ ਤੇਜ਼ੀ ਨਾਲ ਘਟਿਆ ਹੈ। ਉਨ੍ਹਾਂ ਕਿਹਾ ਕਿ ਨੇਮਾਂ ਨੂੰ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਅਤੇ ਸਬੰਧਤ ਰਾਜਾਂ ਦੇ ਅਧਿਕਾਰੀਆਂ ਵੱਲੋਂ 663 ਖੇਤਾਂ ਦਾ ਨਿਰੀਖਣ ਕੀਤਾ ਗਿਆ ਜਿਨ੍ਹਾਂ ਵਿੱਚੋਂ 252 ਵਿਚ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਮਾਮਲੇ ਸਾਹਮਣੇ ਆਏ।

ਕਮਿਸ਼ਨ ਲਈ ਇਸਰੋ ਵੱਲੋਂ ਬਣਾਏ ਗਏ ਨੇਮਾਂ ‘ਤੇ ਆਧਾਰਤ ਰਿਪੋਰਟ ਮੁਤਾਬਕ ਇਕ ਮਹੀਨੇ ਦੇ ਸਮੇਂ ਦੌਰਾਨ ਪੰਜਾਬ ਵਿਚ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਸਾਲ ਨਾਲੋਂ 69.49 ਫ਼ੀਸਦ, ਹਰਿਆਣਾ ਵਿਚ 18.28 ਫ਼ੀਸਦ ਅਤੇ ਉੱਤਰ ਪ੍ਰਦੇਸ਼ ਦੇ ਐੱਨਸੀਆਰ ਵਾਲੇ ਅੱਠ ਜ਼ਿਲ੍ਹਿਆਂ ਵਿਚ 47.61 ਫ਼ੀਸਦ ਘਟੇ ਹਨ। ਇਸ ਸਾਲ ਇਕ ਮਹੀਨੇ ਅੰਦਰ ਪੰਜਾਬ ‘ਚ ਪਰਾਲੀ ਸਾੜਨ ਦੇ 1,286 ਮਾਮਲੇ ਸਾਹਮਣੇ ਆਏ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 4,216 ਸੀ।

ਹਰਿਆਣਾ ਵਿਚ ਇਸ ਸਾਲ ਇਕ ਮਹੀਨੇ ਵਿਚ ਪਰਾਲੀ ਨੂੰ ਅੱਗ ਲਾਉਣ ਦੇ 487 ਮਾਮਲੇ ਸਾਹਮਣੇ ਆਏ ਜਦਕਿ ਪਿਛਲੇ ਸਾਲ ਇਹ ਗਿਣਤੀ 596 ਸੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਐੱਨਸੀਆਰ ਵਾਲੇ ਅੱਠ ਜ਼ਿਲ੍ਹਿਆਂ ਵਿੱਚ ਇਸ ਸਾਲ ਇਕ ਮਹੀਨੇ ਵਿਚ ਪਰਾਲੀ ਸਾੜਨ ਦੇ 22 ਮਾਮਲੇ ਸਾਹਮਣੇ ਆਏ ਜਦਕਿ ਪਿਛਲੇ ਸਾਲ ਇਹ ਗਿਣਤੀ 42 ਸੀ।



Source link