ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਭਾਵੇਂ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਅੱਜ ਤੋਂ ਸ਼ੁਰੂ ਹੋ ਗਈ ਹੈ ਪਰ ਮਾਲਵਾ ਪੱਟੀ ਵਿਚਲੀਆਂ ਪੇਂਡੂ ਸਹਿਕਾਰੀ ਸਭਾਵਾਂ ਇਸ ਦਾ ਸੁਧਰਿਆ ਹੋਇਆ ਬੀਜ ਅਤੇ ਡੀਏਪੀ ਖਾਦ ਨੂੰ ਉਡੀਕ ਰਹੀਆਂ ਹਨ। ਸੁਸਾਇਟੀਆਂ ਵਿੱਚ ਇਹ ਬੀਜ ਅਤੇ ਖਾਦ ਨਾ ਪਹੁੰਚਣ ਕਾਰਨ ਕਿਸਾਨਾਂ ਨੂੰ ਮਜਬੂਰੀਵੱਸ ਬਾਜ਼ਾਰ ਵਿਚਲੀਆਂ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਭਾਅ ਦੀ ਖਾਦ ਤੇ ਬੀਜ ਖਰੀਦਣਾ ਪੈ ਰਿਹਾ ਹੈ। ਇਸ ਵਾਰ ਮਾਲਵਾ ਪੱਟੀ ਵਿੱਚ ਨਰਮੇ ਹੇਠ ਰਕਬਾ ਵੱਧ ਹੋਣ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖੇਤ ਛੇਤੀ ਖਾਲੀ ਹੋਣ ਕਰਕੇ ਕਿਸਾਨਾਂ ਨੇ ਅਗੇਤੀ ਰੌਣੀ ਕਰ ਰੱਖੀ ਹੈ ਅਤੇ ਹੁਣ ਬੀਜਾਂ ਦੀ ਘਾਟ ਕਾਰਨ ਵੱਤਰ ਸੁੱਕ ਰਿਹਾ ਹੈ।
ਸਹਿਕਾਰਤਾ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਅੱਜ ਸ਼ਾਮ ਤੱਕ ਕਣਕ ਦਾ ਸਬਸਿਡੀ ਵਾਲਾ ਬੀਜ ਅਤੇ ਡੀਏਪੀ ਖਾਦ ਨਹੀਂ ਪਹੁੰਚੀ ਹੈ ਅਤੇ ਸਭਾਵਾਂ ਦੇ ਪ੍ਰਬੰਧਕਾਂ ਨੇ ਕਿਸਾਨਾਂ ਤੋਂ ਲੋੜੀਂਦੇ ਬੀਜ ਤੇ ਖਾਦ ਦੀ ਡਿਮਾਂਡ ਵੀ ਨਹੀਂ ਪ੍ਰਾਪਤ ਕੀਤੀ ਹੈ। ਇਹ ਵੀ ਪਤਾ ਲੱਗਿਆ ਕਿ ਪਨਸੀਡ ਵੱਲੋਂ ਸਭਾਵਾਂ ਨੂੰ ਅਜੇ ਤੱਕ ਬੀਜ ਸਪਲਾਈ ਕਰਨ ਸਬੰਧੀ ਕੋਈ ਵੀ ਲਿਖਤੀ ਜਾਣਕਾਰੀ ਸਕੱਤਰਾਂ ਤੱਕ ਨਹੀਂ ਪੁੱਜੀ ਹੈ।
ਇੱਥੇ ਜ਼ਿਕਰਯੋਗ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੇ ਚੰਗੇ ਝਾੜ ਲਈ ਬਿਜਾਈ ਦਾ ਢੁੱਕਵਾਂ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਖੇਤੀਬਾੜੀ ਸਭਾਵਾਂ ਵਿੱਚ ਬੀਜ ਨਾ ਪਹੁੰਚਣ ਕਾਰਨ ਬਿਜਾਈ ਦਾ ਕਾਰਜ ਲਗਾਤਾਰ ਪੱਛੜ ਰਿਹਾ ਹੈ। ਸਹਿਕਾਰੀ ਸਭਾਵਾਂ ਵਿੱਚ ਅਜੇ ਤੱਕ ਬੀਜ ਅਤੇ ਖਾਦ ਨਾ ਪਹੁੰਚਣ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਹਮੇਸ਼ਾ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਤਰਜੀਹ ਦਿੰਦੇ ਹਨ, ਜਿਸ ਕਰਕੇ ਸਰਕਾਰ ਨੂੰ ਵੱਧ ਝਾੜ ਦੇਣ ਵਾਲੀਆਂ ਕਿਸਮਾਂ ‘ਤੇ ਤੁਰੰਤ ਸਬਸਿਡੀ ਦੇਣੀ ਚਾਹੀਦੀ ਹੈ।
ਕਿਸਾਨਾਂ ਨੂੰ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਦੇ ਹੁਕਮ
ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਖੇਤੀਬਾੜੀ ਵਿਭਾਗ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸਬਸਿਡੀ ‘ਤੇ ਕਣਕ ਦੇ ਤਸਦੀਕਸ਼ੁਦਾ ਬੀਜ ਮੁਹੱਈਆ ਕਰਵਾਉਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਵਿੱਚ ਜਲਦੀ ਹੀ ਕਣਕ ਦਾ ਬੀਜ ਸਪਲਾਈ ਕੀਤਾ ਜਾ ਰਿਹਾ ਹੈ, ਜਦੋਂ ਕਿ ਪਨਸੀਡ ਅਤੇ ਹੋਰ ਸਰਕਾਰ ਅਦਾਰਿਆਂ ਵਲੋਂ ਕਿਸਾਨਾਂ ਲਈ ਲੋੜੀਂਦੇ ਬੀਜ ਉਪਲੱਬਧ ਕਰਵਾਏ ਜਾ ਰਹੇ ਹਨ।