ਨਿਊਯਾਰਕ, 17 ਅਕਤੂਬਰ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਚੋਟੀ ਦੀਆਂ ਅਮਰੀਕੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨਾਲ ਬੈਠਕ ਦੌਰਾਨ ਕਿਹਾ ਕਿ ਭਾਰਤ ਵਿਚ ਸਾਰੇ ਨਿਵੇਸ਼ਕਾਂ ਤੇ ਉਦਯੋਗਿਕ ਹਿੱਤ ਰੱਖਣ ਵਾਲਿਆਂ ਲਈ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਲਮੀ ਸਪਲਾਈ ਲੜੀ ਵਿਚ ਫਿਰ ਤੋਂ ਜਾਨ ਪਈ ਹੈ ਤੇ ਦੇਸ਼ ਦੀ ਅਗਵਾਈ ਵੀ ਵਚਨਬੱਧ ਤੇ ਸਪੱਸ਼ਟ ਇਰਾਦਿਆਂ ਵਾਲੀ ਸਰਕਾਰ ਕਰ ਰਹੀ ਹੈ। ਸੀਤਾਰਾਮਨ ਤੇ ਅਧਿਕਾਰੀਆਂ ਦੀ ਇਹ ਮੀਟਿੰਗ ਸਨਅਤੀ ਚੈਂਬਰ ‘ਫਿਕੀ’ ਤੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ ਨੇ ਕਰਵਾਈ ਸੀ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਸਟਾਰਟਅੱਪਸ (ਨਵੀਆਂ ਕੰਪਨੀਆਂ) ਵੀ ਤੇਜ਼ੀ ਨਾਲ ਵਧ ਰਹੇ ਹਨ ਤੇ ਕਈ ਕੈਪੀਟਲ ਮਾਰਕੀਟ ਰਾਹੀਂ ਪੈਸਾ ਇਕੱਠਾ ਕਰ ਰਹੇ ਹਨ। ਇਨ੍ਹਾਂ ਵਿਚੋਂ 16 ਨੇ ਤਾਂ ਸਿਖ਼ਰਾਂ ਛੂਹ ਲਈਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਨੇ ਡਿਜੀਟਲਾਈਜ਼ੇਸ਼ਨ ਉਤੇ ਬਹੁਤ ਜ਼ੋਰ ਦਿੱਤਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਵਿੱਤੀ ਸੈਕਟਰ ਵਿਚ ਤਕਨੀਕ (ਫਿਨਟੈੱਕਸ) ਦੀ ਭੂਮਿਕਾ ਨੇ ਵੱਧ ਤੋਂ ਵੱਧ ਲੋਕਾਂ ਦੀ ਇਸ ਵਿਚ ਸ਼ਮੂਲੀਅਤ ਯਕੀਨੀ ਬਣਾਈ ਹੈ। ਸੀਤਾਰਾਮਨ ਨੇ ਇਸ ਮੌਕੇ ਮਾਸਟਰਕਾਰਡ ਦੇ ਚੇਅਰਮੈਨ ਅਜੈ ਬਾਂਗਾ, ਫੈੱਡਐਕਸ ਦੇ ਪ੍ਰਧਾਨ ਤੇ ਸੀਓਓ ਰਾਜ ਸੁਬਰਾਮਣੀਅਮ, ਆਈਬੀਐਮ ਦੇ ਚੇਅਰਮੈਨ ਤੇ ਸੀਈਓ ਅਰਵਿੰਦ ਕ੍ਰਿਸ਼ਨਾ ਤੇ ਹੋਰਾਂ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰਾਲੇ ਨੇ ਕਿਹਾ ਕਿ ਮੰਤਰੀ ਨੇ ਇਸ ਮੌਕੇ ਕੈਪੀਟਲ ਬਾਂਡ ਮਾਰਕੀਟ, ਇਨਵੈਸਟਰ ਚਾਰਟਰ ਤੇ ਹੋਰ ਉੱਦਮਾਂ ਬਾਰੇ ਵੀ ਕਾਰਪੋਰੇਟ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ। -ਪੀਟੀਆਈ