ਬਿਜਲੀ ਸੰਕਟ: ਲਹਿਰਾ ਮੁਹੱਬਤ ਤੇ ਰੋਪੜ ਥਰਮਲ ਦੇ ਸਾਰੇ ਯੂਨਿਟ ਬੰਦ

ਬਿਜਲੀ ਸੰਕਟ: ਲਹਿਰਾ ਮੁਹੱਬਤ ਤੇ ਰੋਪੜ ਥਰਮਲ ਦੇ ਸਾਰੇ ਯੂਨਿਟ ਬੰਦ


ਜੋਗਿੰਦਰ ਸਿੰਘ ਮਾਨ

ਮਾਨਸਾ, 17 ਅਕਤੂਬਰ

ਪੰਜਾਬ ਵਿੱਚ ਭਾਵੇਂ ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਮੰਗ ਘਟ ਗਈ ਹੈ ਪਰ ਰਾਜ ਵਿਚਲੇ ਵੱਡੇ ਸਰਕਾਰੀ ਤਾਪ ਘਰਾਂ ਦੇ ਲਹਿਰਾ ਮੁਹੱਬਤ ਅਤੇ ਰੋਪੜ ਦੇ ਸਾਰੇ ਦੇ ਸਾਰੇ ਯੂਨਿਟ ਅੱਜ ਛੁੱਟੀ ਕਰ ਗਏ ਹਨ। ਹਾਲਾਂਕਿ, ਮਾਨਸਾ ਨੇੜਲੇ ਬਣਾਂਵਾਲਾ ਤਾਪ ਘਰ ਦੇ ਤਿੰਨੋਂ ਯੂਨਿਟ ਅਤੇ ਰਾਜਪੁਰਾ ਤਾਪ ਘਰ ਦੇ ਦੋਵੇਂ ਯੂਨਿਟ ਸਾਰਾ ਦਿਨ ਬਿਜਲੀ ਸਪਲਾਈ ਕਰਦੇ ਰਹੇ। ਹਾਈਡਰੋ ਪਾਵਰ ਸਟੇਸ਼ਨਾਂ ਤੋਂ ਵੀ ਅੱਜ ਚੰਗੀ ਬਿਜਲੀ ਸਪਲਾਈ ਹੋਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਤਿੰਨ ਯੂਨਿਟਾਂ ਵੱਲੋਂ ਲੋੜ ਅਨੁਸਾਰ ਬਿਜਲੀ ਸਪਲਾਈ ਹੁੰਦੀ ਰਹੀ। ਤਾਪ ਘਰ ਦੇ ਇੱਕ ਪ੍ਰਬੰਧਕ ਨੇ ਦੱਸਿਆ ਕਿ ਯੂਨਿਟ ਨੰਬਰ-1 ਵੱਲੋਂ 337 ਮੈਗਾਵਾਟ, ਯੂਨਿਟ-2 ਤੋਂ 254 ਅਤੇ ਯੂਨਿਟ-3 ਤੋਂ 340 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਇਸੇ ਤਰ੍ਹਾਂ ਐੱਲ ਐਂਡ ਟੀ ਤਾਪ ਘਰ ਰਾਜਪੁਰਾ ਵੱਲੋਂ ਯੂਨਿਟ ਨੰਬਰ-1 ਤੋਂ 670 ਮੈਗਾਵਾਟ ਅਤੇ ਯੂਨਿਟ ਨੰਬਰ-2 ਤੋਂ 658 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਗਈ ਹੈ। ਵੇਰਵਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਐੱਲ ਐਂਡ ਟੀ ਤਾਪ ਘਰ ਵਿੱਚ ਕੋਲੇ ਦੀ ਸਪਲਾਈ ਆਈ ਹੈ ਅਤੇ ਭਲਕ ਤੱਕ ਹੋਰ ਸਪਲਾਈ ਆਉਣ ਦੀ ਉਮੀਦ ਹੈ।

ਰਾਜ ਵਿਚਲੇ ਸਰਕਾਰੀ ਤਾਪ ਘਰਾਂ ਨੇ ਅੱਜ ਛੁੱਟੀ ਵਾਲੇ ਦਿਨ ਸਾਰੇ ਦੇ ਸਾਰੇ ਯੂਨਿਟਾਂ ਵੱਲੋਂ ਸਪਲਾਈ ਤੋਂ ਹੱਥ ਖੜ੍ਹੇ ਕਰੀ ਰੱਖੇ। ਇੱਕ ਸਰਕਾਰੀ ਅਧਿਕਾਰੀ ਅਨੁਸਾਰ ਜੀਜੀਐੱਸਐੱਸਟੀਪੀ ਰੋਪੜ ਦੇ ਚਾਰੇ ਯੂਨਿਟਾਂ ਵੱਲੋਂ ਬੀਤੇ ਦਿਨਾਂ ਵਾਂਗ ਬਿਲਕੁਲ ਸਪਲਾਈ ਨਹੀਂ ਦਿੱਤੀ ਗਈ, ਜਦਕਿ ਜੀਐੱਚਟੀਪੀ ਲਹਿਰਾ ਮੁਹੱਬਤ ਤਾਪ ਘਰ ਦਾ ਯੂਨਿਟ ਨੰਬਰ-1 ਅੱਜ ਛੁੱਟੀ ਕਰ ਗਿਆ। ਇੱਥੇ ਬੀਤੇ ਦਿਨ ਤੱਕ ਇਹੋ ਯੂਨਿਟ ਹੀ ਚੱਲ ਰਿਹਾ ਸੀ ਅਤੇ ਅੱਜ ਇਸ ਦੇ ਚਾਰੇ ਯੂਨਿਟ ਦੇ ਬੰਦ ਹੋਣ ਦਾ ਘੁੱਗੂ ਵੱਜ ਗਿਆ। ਇਸੇ ਦੌਰਾਨ ਜੀਵੀਕੇ ਗੋਬਿੰਦਵਾਲ ਦਾ ਅੱਜ ਇੱਕ ਯੂਨਿਟ ਛੁੱਟੀ ਕਰ ਗਿਆ ਅਤੇ ਇਸ ਦੇ ਯੂਨਿਟ ਨੰਬਰ-1 ਵੱਲੋਂ 152 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ, ਜਦਕਿ ਇਸ ਦੇ ਦੋਵੇਂ ਯੂਨਿਟਾਂ ਵੱਲੋਂ ਬੀਤੇ ਦਿਨ ਵਾਂਗ ਚਾਲੂ ਹਾਲਤ ਵਿੱਚ 308 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ। ਦੂਜੇ ਪਾਸੇ ਹਾਈਡਰੋ ਪਾਵਰ ਸਟੇਸ਼ਨਾਂ ਤੋਂ ਅੱਜ 397 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ, ਜਦਕਿ ਬੀਤੇ ਦਿਨ 423 ਮੈਗਾਵਾਟ ਬਿਜਲੀ ਹੀ ਹਾਸਲ ਹੋ ਸਕੀ ਸੀ।

ਮੌਸਮ ਵਿੱਚ ਆਈ ਤਬਦੀਲੀ ਕਾਰਨ ਬਿਜਲੀ ਦੀ ਲੋੜ ਘਟਣ ਲੱਗੀ ਹੈ, ਜਿਸ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਲੱਗ ਰਹੇ ਬਿਜਲੀ ਕੱਟਾਂ ਤੋਂ ਰਾਹਤ ਪਾਈ ਜਾ ਰਹੀ ਹੈ।



Source link