ਨਵੀਂ ਦਿੱਲੀ, 18 ਅਕਤੂਬਰ
ਸ਼ਿਵ ਸੈਨਾ ਆਗੂ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਸ਼ਮੂਲੀਅਤ ਵਾਲੇ ਕਰੂਜ਼ ਜਹਾਜ਼ ਨਸ਼ਾ ਕੇਸ ਵਿੱਚ ਮੁੰਬਈ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਤੇ ਇਸ ਦੇ ਅਧਿਕਾਰੀਆਂ ਨਾਲ ਜੁੜੇ ਕਾਰ-ਵਿਹਾਰ ਦੀ ਨਿਆਂਇਕ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਸਿਖਰਲੀ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ੁਦ ਇਸ ਪੂਰੇ ਮਾਮਲੇ ਦਾ ਨੋਟਿਸ ਲੈਂਦਿਆਂ ਆਰੀਅਨ ਖ਼ਾਨ, ਜਿਸ ਖ਼ਿਲਾਫ਼ ਐੱਨਸੀਬੀ ਦੇ ਮੁੰਬਈ ਜ਼ੋਨਲ ਦਫ਼ਤਰ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ, ਦੇ ਮੌਲਿਕ ਹੱਕਾਂ ਨੂੰ ਸੁਰੱਖਿਅਤ ਬਣਾੲੇ।
ਮੁੰਬਈ ਅਧਾਰਿਤ ਸ਼ਿਵ ਸੈਨਾ ਆਗੂ ਕਿਸ਼ੋਰ ਤਿਵਾੜੀ ਨੇ ਕਿਹਾ, ”ਮੈਂ ਇਸ ਪਟੀਸ਼ਨ ਜ਼ਰੀਏ ਮੁੰਬਈ ਸਥਿਤ ਐੱਨਸੀਬੀ ਦੀ ਮਾੜੀ ਕਾਰਜਸ਼ੈਲੀ, ਪਹੁੰਚ ਅਤੇ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕਿਵੇਂ ਏਜੰਸੀ ਦੇ ਅਧਿਕਾਰੀਆਂ ਵੱਲੋਂ ਮਿੱਥ ਕੇ ਚੋਣਵੀਆਂ ਫ਼ਿਲਮੀ ਹਸਤੀਆਂ ਤੇ ਕੁਝ ਮਾਡਲਾਂ ਨੂੰ ਪਿਛਲੇ ਦੋ ਸਾਲਾਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲਿਹਾਜ਼ਾ ਮੈਂ ਆਪ ਜੀ ਨੂੰ ਅਪੀਲ ਕਰਦਾ ਹਾਂ ਕਿ ਐੱਨਸੀਪੀ ਅਧਿਕਾਰੀਆਂ ਦੀ ਭੂਮਿਕਾ ਤੋਂ ਪਰਦਾ ਚੁੱਕਣ ਲਈ ਵਿਸ਼ੇਸ਼ ਨਿਆਂਇਕ ਜਾਂਚ ਦੇ ਹੁਕਮ ਕੀਤੇ ਜਾਣ।” ਤਿਵਾੜੀ ਨੇ ਪਟੀਸ਼ਨ ਵਿੱਚ ਐੱਨਸੀਪੀ ਆਗੂ ਤੇ ਮਹਾਰਾਸ਼ਟਰ ਸਰਕਾਰ ‘ਚ ਮੰਤਰੀ ਨਵਾਬ ਮਲਿਕ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਹੁਣ ਸਮਾਂ ਹੈ ਜਦੋਂ ਸੱਚ ਤੋਂ ਪਰਦਾ ਚੁੱਕਣ ਲਈ ਸਿਖਰਲੀ ਅਦਾਲਤ ਦੇ ਜੱਜ ਵੱਲੋਂ ਐੱਨਸੀਬੀ ਤੋਂ ਪੁੱਛ-ਪੜਤਾਲ ਕੀਤੀ ਜਾਵੇ। -ਪੀਟੀਆਈ