ਮਾਮੇ ਵੱਲੋਂ ਕਹੀ ਮਾਰ ਕੇ ਅੱਠ ਸਾਲਾ ਭਾਣਜੇ ਦਾ ਕਤਲ

ਮਾਮੇ ਵੱਲੋਂ ਕਹੀ ਮਾਰ ਕੇ ਅੱਠ ਸਾਲਾ ਭਾਣਜੇ ਦਾ ਕਤਲ


ਸੁੱਚਾ ਸਿੰਘ ਪਸਨਾਵਾਲ

ਧਾਰੀਵਾਲ, 19 ਅਕਤੂਬਰ

ਪਿੰਡ ਡੇਹਰੀਵਾਲ ਦਰੋਗਾ ਵਿੱਚ ਆਪਣੇ ਨਾਨਕੇ ਘਰ ਨਾਨੀ ਦੇ ਭੋਗ ‘ਤੇ ਆਏ ਅੱਠ ਸਾਲਾ ਬੱਚੇ ਦੀ ਉਸ ਦੇ ਰਿਸ਼ਤੇ ‘ਚੋਂ ਮਾਮੇ ਨੇ ਕਹੀ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਧਾਰੀਵਾਲ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਮਾਂ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਰਹਿੰਦਾ ਹੈ। ਉਸ ਦੀ ਮਾਤਾ ਸੁਰਿੰਦਰ ਕੌਰ ਦਾ ਬੀਤੇ ਦਿਨ ਭੋਗ ਸੀ। ਉਹ ਆਪਣੇ ਦੋਵੇਂ ਲੜਕਿਆਂ ਨਾਲ ਪੇਕੇ ਪਿੰਡ ਡੇਹਰੀਵਾਲ ਦਰੋਗਾ ਆਈ ਸੀ। ਭੋਗ ਤੋਂ ਬਾਅਦ ਉਹ ਤੇ ਉਸ ਦਾ ਭਰਾ ਸਤਨਾਮ ਸਿੰਘ ਘਰ ਦੇ ਬਾਹਰ ਗਲੀ ‘ਚ ਖੜ੍ਹੇ ਸਨ ਕਿ ਉਸ ਦਾ ਛੋਟਾ ਲੜਕਾ ਹਰਮਨਜੋਤ ਸਿੰਘ (8) ਖੇਡਦਾ ਹੋਇਆ ਸ਼ਰੀਕੇ ‘ਚੋਂ ਭਰਾ ਲਗਦੇ ਜਰਨੈਲ ਸਿੰਘ ਦੇ ਘਰ ਅੱਗੇ ਚਲਾ ਗਿਆ। ਜਰਨੈਲ ਸਿੰਘ ਕਹੀ ਲੈ ਕੇ ਗਾਲ੍ਹਾਂ ਕੱਢਦਾ ਬਾਹਰ ਆਇਆ ਤੇ ਉਸ ਨੇ ਕਹੀ ਦੇ ਸਿੱਧੇ ਵਾਰ ਉਸ ਦੇ ਲੜਕੇ ਦੇ ਸਿਰ ਵਿੱਚ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮਨਪ੍ਰੀਤ ਕੌਰ ਨੇ ਦੱਸਿਆ ਜਰਨੈਲ ਸਿੰਘ ਉਸ ਦੇ ਭਰਾ ਸਤਨਾਮ ਸਿੰਘ ਨਾਲ ਸ਼ਰੀਕਾ ਹੋਣ ਕਰ ਕੇ ਲੜਾਈ ਝਗੜਾ ਕਰਦਾ ਸੀ। ਇਸੇ ਰੰਜਿਸ਼ ਵਿੱਚ ਉਸ ਨੇ ਹਰਮਨਜੋਤ ਸਿੰਘ ਦਾ ਕਤਲ ਕੀਤਾ ਹੈ। ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਜਰਨੈਲ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਹੈ।



Source link