ਜੈਸ਼ੰਕਰ ਨੇ ਇਜ਼ਰਾਇਲੀ ਆਗੂਆਂ ਨਾਲ ਦੁਵੱਲੇ ਮੁੱਦੇ ਵਿਚਾਰੇ


ਯੇਰੂਸ਼ਲੱਮ, 20 ਅਕਤੂਬਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਇਜ਼ਰਾਇਲੀ ਲੀਡਰਸ਼ਿਪ ਨਾਲ ਰਣਨੀਤਕ ਦੁਵੱਲੀ ਭਾਈਵਾਲੀ ਸਬੰਧੀ ਮੁੱਦੇ ਵਿਚਾਰੇ। ਉਨ੍ਹਾਂ ਆਲਮੀ ਰਣਨੀਤਕ ਮਾਮਲਿਆਂ ਅਤੇ ਸਿਆਸਤ ਪੱਖੋਂ ਆ ਰਹੇ ਬਦਲਾਵਾਂ ਬਾਰੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਮਗਰੋਂ ਉਨ੍ਹਾਂ ਟਵੀਟ ਕਰਕੇ ਕਿਹਾ,”ਭਾਰਤ ਅਤੇ ਇਜ਼ਰਾਈਲ ਅਗਲੇ 30 ਸਾਲਾਂ ਲਈ ਆਪਣੀ ਭਾਈਵਾਲੀ ਦੇ ਨਜ਼ਰੀਏ ਨੂੰ ਮਜ਼ਬੂਤ ਬਣਾਉਣ ਲਈ ਹੋਰ ਨੇੜਿਉਂ ਰਲ ਕੇ ਕੰਮ ਕਰਨਗੇ।” ਇਸ ਤੋਂ ਪਹਿਲਾਂ ਜੈਸ਼ੰਕਰ ਨੇ ਇਜ਼ਰਾਇਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਦੋਵੇਂ ਆਗੂਆਂ ਨੇ ਵੱਖ ਵੱਖ ਖੇਤਰਾਂ ‘ਚ ਵੱਧ ਰਹੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵੀ ਵਿਚਾਰਾਂ ਕੀਤੀਆਂ। ਜੈਸ਼ੰਕਰ ਨੇ ਰਾਸ਼ਟਰਪਤੀ ਵੱਲੋਂ ਦੁਵੱਲੇ ਸਬੰਧਾਂ ਨੂੰ ਅਗਲੇ ਪੱਧਰ ‘ਤੇ ਲਿਜਾਣ ਪ੍ਰਤੀ ਦਿਖਾਈ ਵਚਨਬੱਧਤਾ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਹਰਜ਼ੋਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਇਜ਼ਰਾਈਲ ਨਾਲ ਸਬੰਧ ਮਜ਼ਬੂਤ ਬਣਾਉਣ ਲਈ ਦਿਖਾਈ ਵਚਨਬੱਧਤਾ ਲਈ ਜੈਸ਼ੰਕਰ ਨੂੰ ਧੰਨਵਾਦ ਦਿੱਤਾ। ਦੋਵੇਂ ਆਗੂਆਂ ਨੇ ਆਲਮੀ ਰਣਨੀਤਕ ਮਾਮਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਦਾ ਵਿਦੇਸ਼ ਮੰਤਰੀ ਵਜੋਂ ਇਹ ਇਜ਼ਰਾਈਲ ਦਾ ਦੂਜਾ ਦੌਰਾ ਹੈ। ਮੰਗਲਵਾਰ ਨੂੰ ਜੈਸ਼ੰਕਰ ਨੇ ਇਜ਼ਰਾਇਲੀ ਸੰਸਦ ਦੇ ਸਪੀਕਰ ਮਿੱਕੀ ਲੇਵੀ ਨਾਲ ਮੁਲਾਕਾਤ ਕਰਕੇ ਕੱਟੜਵਾਦ ਸਮੇਤ ਦੋਵੇਂ ਮੁਲਕਾਂ ਨੂੰ ਦਰਪੇਸ਼ ਹੋਰ ਸਾਂਝੀਆਂ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਸੀ। ਇਸ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਵਿਦੇਸ਼ ਮੰਤਰੀ ਨੇ ਆਪਣੇ ਇਜ਼ਰਾਇਲੀ ਹਮਰੁਤਬਾ ਯਾਇਰ ਲੈਪਿਡ ਨਾਲ ਮੁਕਤ ਵਪਾਰ ਸਮਝੌਤੇ ਸਬੰਧੀ ਗੱਲਬਾਤ ਕੀਤੀ ਸੀ। -ਪੀਟੀਆਈSource link