ਮੁੰਬਈ, 20 ਅਕਤੂਬਰ
ਸ਼ਿਵ ਸੈਨਾ ਸੰਸਦ ਮੈਂਬਰ ਭਾਵਨਾ ਗਾਵਲੀ ਮਨੀ ਲਾਂਡਰਿੰਗ ਕੇਸ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਹੀਂ ਹੋਈ। ਉਸਨੇ ਹਵਾਲਾ ਦਿੱਤਾ ਹੈ ਕਿ ਉਹ ਚਿਕਨਗੁਨੀਆ ਲਾਗ ਤੋਂ ਪੀੜਤ ਹੈ। ਏਜੰਸੀ ਨੇ 40 ਸਾਲਾ ਸੰਸਦ ਮੈਂਬਰ ਨੂੰ ਬੁੱਧਵਾਰ ਨੂੰ ਪੇਸ਼ ਹੋ ਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਗਾਵਲੀ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਜਾਂਚ ਅਧਿਕਾਰੀ ਕੋਲ ਸਿਹਤ ਸਬੰਧੀ ਸਰਟੀਫਿਕੇਟ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਪੰਦਰਵਾੜੇ ਲਈ ਪੇਸ਼ੀ ਤੋਂ ਛੋਟ ਮੰਗੀ ਹੈ। ਗਾਵਲੀ ਮਹਾਰਾਸ਼ਟਰ ਦੇ ਯਵਾਤਮਾਲ-ਵਾਸ਼ਿਮ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹੈ। ਏਜੰਸੀ ਨੇ 4 ਅਕਤੂਬਰ ਨੂੰ ਪਹਿਲੀ ਵਾਰ ਉਸਨੂੰ ਪੇਸ਼ ਹੋਣ ਲਈ ਤਲਬ ਕੀਤਾ ਸੀ ਪਰ ਉਸਨੇ ਕੰਮ ਦੀ ਵਚਨਬੱਧਤਾ ਦਾ ਹਵਾਲਾ ਦਿੰਦੇ ਹੋਏ ਸਮਾਂ ਮੰਗਿਆ ਸੀ। ਏਜੰਸੀ ਨੇ ਸਤੰਬਰ ਵਿੱਚ ਉਸਦੇ ਸਹਿਯੋਗੀ ਸਈਦ ਖਾਨ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੀਆਂ ਧਾਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ