ਅਬੋਹਰ: ਪੱਤਰੇਵਾਲਾ ਤੋਂ ਲਾਪਤਾ ਜੋੜੇ ਦੀਆਂ ਲਾਸ਼ਾਂ ਰਾਜਸਥਾਨ ਦੀ ਨਹਿਰ ’ਚੋਂ ਮਿਲੀਆਂ

ਅਬੋਹਰ: ਪੱਤਰੇਵਾਲਾ ਤੋਂ ਲਾਪਤਾ ਜੋੜੇ ਦੀਆਂ ਲਾਸ਼ਾਂ ਰਾਜਸਥਾਨ ਦੀ ਨਹਿਰ ’ਚੋਂ ਮਿਲੀਆਂ


ਰਾਜਿੰਦਰ ਕੁਮਾਰ

ਬੱਲੂਆਣਾ(ਅਬੋਹਰ), 23 ਅਕਤੂਬਰ

ਥਾਣਾ ਖੂਹੀ ਖੇੜਾ ਦੇ ਪਿੰਡ ਪੱਤਰੇਵਾਲਾ ਤੋਂ ਬੀਤੇ ਦਿਨੀਂ ਲਾਪਤਾ ਹੋਏ ਕਥਿਤ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਰਾਜਸਥਾਨ ਦੀ ਨਹਿਰ ‘ਚੋਂ ਬਰਾਮਦ ਹੋਈਆਂ ਹਨ । ਪਿੰਡ ਪੱਤਰੇਵਾਲਾ ਦੇ 23 ਸਾਲਾ ਦਵਿੰਦਰ ਕੁਮਾਰ ਅਤੇ 22 ਸਾਲਾ ਮੁਟਿਆਰ ਕਿਰਨ 20 ਅਕਤੂਬਰ ਨੂੰ ਅਚਾਨਕ ਘਰੋਂ ਗਾਇਬ ਹੋ ਗਏ ਸਨ। ਦੋਨਾਂ ਦੀ ਗੁੰਮਸ਼ੁਦਗੀ ਬਾਬਤ ਪਰਿਵਾਰਕ ਮੈਂਬਰਾਂ ਵਲੋਂ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਸੀ। ਇਸੇ ਦੌਰਾਨ ਦੋਨਾਂ ਪਰਿਵਾਰਾਂ ਨੂੰ ਇਹ ਭਿਣਕ ਵੀ ਪਈ ਕਿ ਦੋਨਾਂ ਨੇ ਪਿੰਡ ਕੋਲ ਲੰਘਦੀ ਰਾਜਸਥਾਨ ਗੰਗ ਕਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਇਸੇ ਖਦਸ਼ੇ ਕਾਰਨ ਪਰਿਵਾਰਾਂ ਵੱਲੋਂ ਆਪਣੇ ਪੱਧਰ ‘ਤੇ ਦੋਹਾਂ ਦੀ ਭਾਲ ਵੀ ਸ਼ੁਰੂ ਕਰ ਰੱਖੀ ਸੀ। ਕੱਲ੍ਹ ਦੁਪਹਿਰ ਲਾਪਤਾ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਦੀਆਂ ਲਾਸ਼ਾਂ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਕਾਲੂਵਾਲਾ ਹੈੱਡ ‘ਤੇ ਨਹਿਰ ਵਿੱਚ ਤੈਰਦੀਆਂ ਵੇਖੀਆਂ ਤਾਂ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ। ਪਤਾ ਲੱਗਾ ਹੈ ਕਿ ਲੜਕਾ ਅਤੇ ਲੜਕੀ ਉੱਚ ਵਿੱਦਿਆ ਪ੍ਰਾਪਤ ਸਨ ਅਤੇ ਕਿਸੇ ਫੋਰਸ ਵਿੱਚ ਭਰਤੀ ਹੋਣ ਦੀ ਤਿਆਰੀ ਇਕੱਠੇ ਹੀ ਕਰ ਰਹੇ ਸਨ।



Source link